ਨਵੀਂ ਦਿੱਲੀ, 14 ਮਾਰਚ – ਕੇਂਦਰ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਵੱਡੀ ਰਾਹਤ ਦੇ ਦਿੱਤੀ ਹੈ। ਹੁਣ ਸਿੱਖ ਕਰਮੀ ਡਿਊਟੀ ਦੌਰਾਨ ਕਿਰਪਾਨ ਪਹਿਨ ਸਕਣਗੇ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰ ਕੇ ਦਿੱਤੀ ਹੈ। ਸਿਰਸਾ ਨੇ ਟਵੀਟ ਕਰ ਕੇ ਕਿਹਾ ਕਿ ਸਿੱਖ ਕਰਮੀਆਂ ਨੂੰ ਡਿਊਟੀ ਦੌਰਾਨ ਹਵਾਈ ਅੱਡੇ ਤੇ ਕਿਰਪਾਨ ਲਿਜਾਉਣ ਵਿੱਚ ਪਾਬੰਦੀ ਵਿੱਚ ਤਬਦੀਲੀ ਕੀਤੀ ਗਈ ਹੈ। ਸੋਧ ਕਰਦੇ ਹੋਏ ਪਾਬੰਦੀ ਹਟਾ ਦਿੱਤੀ ਗਈ ਹੈ। ਕਰਮੀ ਅਤੇ ਯਾਤਰੀ ਕਿਰਪਾਨ ਨੂੰ ਭਾਰਤੀ ਹਵਾਈ ਅੱਡਿਆਂ ਤੇ ਲਿਜਾ ਸਕਦੇ ਹਨ।
ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲਾ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਘਰੇਲੂ ਉਡਾਉਣਾਂ ਵਿੱਚ ਸਫ਼ਰ ਦੌਰਾਨ 9 ਇੰਚ ਤੱਕ ਕਿਰਪਾਨ ਪਹਿਨ ਸਕਣਗੇ। ਸਫ਼ਰ ਦੌਰਾਨ 6 ਇੰਚ ਤੋਂ ਵੱਡਾ ਬਲੇਡ ਨਹੀਂ ਹੋਣਾ ਚਾਹੀਦਾ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰਾਲਾ ਨੇ ਨੋਟੀਫਿਕੇਸ਼ਨ ਜਾਰੀ ਕਰ ਕੇ ਸਿੱਖ ਕਰਮੀਆਂ ਨੂੰ ਕਿਰਪਾਨ ਪਹਿਨਣ ਤੇ ਰੋਕ ਲਗਾ ਦਿੱਤੀ ਸੀ।
ਇਸ ਸੰਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਸੰਬੰਧੀ ਕੇਂਦਰੀ ਨਾਗਰਿਕ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੂੰ ਚਿੱਠੀ ਲਿਖ ਕੇ ਸਖ਼ਤ ਇਤਰਾਜ਼ ਜਤਾਉਂਦੇ ਹੋਏ 4 ਮਾਰਚ 2022 ਦੇ ਇਸ ਆਦੇਸ਼ ਨੂੰ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ ਸੀ।






