ਬਠਿੰਡਾ,16ਮਾਰਚ2022: ਵਿਧਾਨ ਸਭਾ ਚੋਣਾਂ ’ਚ ਬਠਿੰਡਾ ਹਲਕੇ ਤੋਂ ਅਕਾਲੀ ਉਮੀਦਵਾਰ ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਬਾਦਲਾਂ ’ਤੇ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨਾਲ ਕਥਿਤ ਮਿਲੀਭੁਗਤ ਕਰਕੇ ਉਨ੍ਹਾਂ ਨੂੰ ਹਰਾਉਣ ਦੇ ਦੋਸ਼ ਲਾਉਂਦਿਆਂ ਵਰਕਰਾਂ ਦੇ ਇੱਕ ਵੱਡੇ ਇਕੱਠ ਦੌਰਾਨ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਮਨਪ੍ਰੀਤ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸਕੇ ਭਤੀਜੇ ਹਨ। ਹਾਲਾਂਕਿ ਇਸ ਮੌਕੇ ਸਿੰਗਲਾ ਨੇ ਕਿਸੇ ਦੂਸਰੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਤਾਂ ਨਹੀਂ ਕੀਤਾ ਪਰ ਉਨ੍ਹਾਂ ਦੇ ਹਾਵਭਾਵ ਮੁਤਾਬਕ ਜਲਦੀ ਹੀ ਉਨ੍ਹਾਂ ਦੀ ਭਾਜਪਾ ’ਚ ਸ਼ਮੂਲੀਅਤ ਹੋ ਸਕਦੀ ਹੈ।
ਇਸ ਮੌਕੇ ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੰਘ ਸਿੱਧੂ,ਮੋਹਨਜੀਤ ਪੁਰੀ, ਯੂਥ ਵਿੰਗ ਦੇ ਪ੍ਰਧਾਨ ਹਰਪਾਲ ਸਿੰਘ ਢਿੱਲੋਂ, ਚਮਕੌਰ ਮਾਨ, ਸਾਬਕਾ ਕੌਂਸਲਰ ਹਰਵਿੰਦਰ ਗੰਜੂ ਅਤੇ ਗੁਰਮੀਤ ਕੌਰ ਹਾਜ਼ਰ ਸਨ ਜੋ ਅਸਤੀਫੇ ਦਾ ਐਲਾਨ ਹੁੰਦਿਆਂ ਇੱਕ ਇੱਕ ਕਰਕੇ ਖਿਸਕ ਗਏ। ਅੱਜ ਸੋਸ਼ਲ ਮੀਡੀਆ ਤੇ ਸਰੂਪ ਸਿੰਗਲਾ ਵੱਲੋਂ ਭਾਜਪਾ ’ਚ ਸ਼ਾਮਲ ਹੋਣ ਸਬੰਧੀ ਲਗਾਤਾਰ ਚੁੰਝ ਚਰਚਾ ਚੱਲ ਰਹੀ ਹੈ। ਵਰਕਰਾਂ ਨੂੰ ਸੰਬੋਧਨ ਕਰਨ ਮੌਕੇ ਸਿੰਗਲਾ ਨੇ ਪਹਿਲਾਂ ਫਤਿਹ ਬੁਲਾਈ ਤੇ ਫਿਰ ‘ਜੈ ਸ੍ਰੀਰਾਮ’ ਦਾ ਨਾਅਰਾ ਬੁਲੰਦ ਕੀਤਾ ਜੋ ਇਸ ਦੀ ਪੁਸ਼ਟੀ ਕਰਦਾ ਹੈ।






