ਨਵੀਂ ਦਿੱਲੀ, 22 ਮਾਰਚ-ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਦਿਆਰਥੀਆਂ ਲਈ ਇਕ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਦਿੱਲੀ ਵਿੱਚ ਇਕ ਸੈਨਿਕ ਸਕੂਲ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਸਕੂਲ ਵਿੱਚ ਬੱਚਿਆਂ ਨੂੰ ਫ਼ੌਜ ਵਿੱਚ ਭਰਤੀ ਹੋਣ ਦੀ ਟ੍ਰੇਨਿੰਗ ਦਿੱਤੀ ਜਾਵੇਗੀ, ਤਾਂ ਕਿ ਉਹ ਨੇਵੀ, ਏਅਰ ਫੋਰਸ ਵਿੱਚ ਭਰਤੀ ਹੋ ਸਕਣ। ਕੇਜਰੀਵਾਲ ਮੁਤਾਬਕ ਇਸ ਸੈਨਿਕ ਸਕੂਲ ਨੂੰ ਸ਼ੁਰੂ ਕਰਨਾ ਦਿੱਲੀ ਵਾਸੀਆਂ ਵਲੋਂ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣਾ ਹੈ। ਪਿਛਲੇ ਸਾਲ 20 ਸਤੰਬਰ ਨੂੰ ਦਿੱਲੀ ਸਰਕਾਰ ਨੇ ਸੈਨਿਕ ਸਕੂਲ ਦਾ ਐਲਾਨ ਕੀਤਾ ਸੀ।
ਕੇਜਰੀਵਾਲ ਨੇ ਦੱਸਿਆ ਕਿ ਉਸ ਸਕੂਲ ਦਾ ਨਾਂ ਸ਼ਹੀਦ ਭਗਤ ਸਿੰਘ ਆਮਰਡ ਫੋਰਸੇਜ਼ ਪ੍ਰਿਪਰੇਟਰੀ ਸਕੂਲ ਹੋਵੇਗਾ। ਇਹ ਸਕੂਲ ਪੂਰੀ ਤਰ੍ਹਾਂ ਨਾਲ ਫਰੀ ਹੋਵੇਗਾ, ਜਿਨ੍ਹੇ ਵੀ ਬੱਚੇ ਇਸ ਵਿੱਚ ਦਾਖ਼ਲਾ ਲੈਣਗੇ, ਉਹਨਾਂ ਨੂੰ ਉੱਥੇ ਹੀ ਹੋਸਟਲ ਵਿੱਚ ਰਹਿਣਾ ਹੋਵੇਗਾ। ਕੁੜੀਆਂ ਅਤੇ ਮੁੰਡਿਆਂ ਦਾ ਵੱਖਰਾ-ਵੱਖਰਾ ਹੋਸਟਲ ਹੋਵੇਗਾ। ਇਹ ਸਕੂਲ ਸਾਰੀਆਂ ਸਹੂਲਤਾਂ ਨਾਲ ਲੈਸ ਹੋਵੇਗਾ।
ਇਸ ਸੈਨਿਕ ਸਕੂਲ ਵਿੱਚ ਸੇਵਾ ਮੁਕਤ ਆਰਮੀ ਅਫ਼ਸਰਾਂ ਨੂੰ ਬੱਚਿਆਂ ਨੂੰ ਟ੍ਰੇਨਿੰਗ ਕਰਵਾਉਣ ਲਈ ਲਿਆਂਦਾ ਜਾਵਾਂਗਾ। ਸਕੂਲ ਵਿੱਚ ਦਿੱਲੀ ਵਿੱਚ ਰਹਿਣ ਵਾਲਾ ਕੋਈ ਵੀ ਬੱਚਾ ਦਾਖ਼ਲਾ ਲੈ ਸਕਦਾ ਹੈ। ਸਕੂਲ ਵਿੱਚ 9ਵੀਂ ਅਤੇ 11ਵੀਂ ਜਮਾਤ ਵਿੱਚ ਦਾਖ਼ਲਾ ਹੋਵੇਗਾ। ਦੋਹਾਂ ਜਮਾਤਾਂ ਵਿੱਚ 100-100 ਸੀਟਾਂ ਹੋਣਗੀਆਂ। 27 ਮਾਰਚ ਨੂੰ 9ਵੀ ਜਮਾਤ ਵਿੱਚ ਦਾਖ਼ਲੇ ਲਈ ਇਸ ਦੇ ਟੈਸਟ ਹੋ ਰਹੇ ਹਨ ਅਤੇ 28 ਮਾਰਚ ਨੂੰ 11ਵੀਂ ਜਮਾਤ ਲਈ ਟੈਸਟ ਹੋਣਗੇ।






