ਲਖਨਊ, 22 ਮਾਰਚ- ਬਹੁਜਨ ਸਮਾਜ ਪਾਰਟੀ (ਬਸਪਾ) ਮੁਖੀ ਅਤੇ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਮਾਇਆਵਤੀ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਬਸਪਾ ਦੀ ਮਿਲੀਭਗਤ ਤੋਂ ਇਨਕਾਰ ਕਰਦੇ ਹੋਏ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ (ਸਪਾ) ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਭਾਜਪਾ ਨਾਲ ਮਿਲੇ ਹੋਏ ਹਨ। ਉਨ੍ਹਾਂ ਕਿਹਾ ਕਿ ਅੰਬੇਡਕਰਵਾਦੀ ਲੋਕ ਕਦੇ ਵੀ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ਮੁਆਫ਼ ਨਹੀਂ ਕਰਨਗੇ। ਬਸਪਾ ਮੁਖੀ ਨੇ ਟਵੀਟ ਕੀਤਾ ਕਿ ਉੱਤਰ ਪ੍ਰਦੇਸ਼ ਵਿੱਚ ਅੰਬੇਡਕਰਵਾਦੀ ਲੋਕ ਕਦੇ ਵੀ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ਮੁਆਫ਼ ਨਹੀਂ ਕਰਨਗੇ, ਜਿਨ੍ਹਾਂ ਨੇ ਆਪਣੀ ਸਰਕਾਰ ਵਿੱਚ ਅੰਬੇਡਕਰ ਦੇ ਨਾਮ ਨਾਲ ਬਣੀਆਂ ਯੋਜਨਾਵਾਂ ਅਤੇ ਜ਼ਿਆਦਾਤਰ ਸੰਸਥਾਵਾਂ ਦੇ ਨਾਮ ਬਦਲ ਦਿੱਤੇ, ਜੋ ਬੇਹੱਦ ਨਿੰਦਾਯੋਗ ਅਤੇ ਸ਼ਰਮਨਾਕ ਹੈ। ਮਾਇਆਵਤੀ ਨੇ ਇਕ ਹੋਰ ਟਵੀਟ ਵਿੱਚ ਮੁਲਾਇਮ ਸਿੰਘ ਦੇ ਛੋਟੇ ਬੇਟੇ ਪ੍ਰਤੀਕ ਯਾਦਵ ਦੀ ਪਤਨੀ ਅਰਪਣਾ ਯਾਦਵ ਦੇ ਭਾਜਪਾ ਵਿੱਚ ਸ਼ਾਮਲ ਹੋਣ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਭਾਜਪਾ ਨਾਲ ਬਸਪਾ ਨਹੀਂ ਬਲਕਿ ਸਪਾ ਸਰਪ੍ਰਸਤ ਮੁਲਾਇਮ ਸਿੰਘ ਮਿਲੇ ਹਨ।
ਆਪਣੇ ਟਵੀਟ ਵਿੱਚ ਮਾਇਆਵਤੀ ਨੇ 2017 ਵਿੱਚ ਯੋਗੀ ਆਦਿਤਿਆਨਾਥ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਸਮਾਰੋਹ ਵੱਲ ਇਸ਼ਾਰਾ ਕੀਤਾ, ਜਿਸ ਵਿੱਚ ਮੰਚ ਤੇ ਹੀ ਮੁਲਾਇਮ ਸਿੰਘ ਪ੍ਰਧਾਨ ਮੰਤਰੀ ਦੇ ਕੰਨ ਵਿੱਚ ਕੁਝ ਕਹਿੰਦੇ ਹੋਏ ਦਿੱਸ ਗਏ ਸਨ ਅਤੇ ਉਨ੍ਹਾਂ ਦੀ ਤਸਵੀਰ ਵੀ ਵਾਇਰਲ ਹੋਈ ਸੀ। ਇਸ ਵਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਰਪਣਾ ਯਾਦਵ ਭਾਜਪਾ ਵਿੱਚ ਸ਼ਾਮਲ ਹੋ ਗਈ। ਅਰਪਣਾ ਨੇ ਚੋਣਾਂ ਵਿੱਚ ਭਾਜਪਾ ਦੇ ਪੱਖ ਵਿੱਚ ਪ੍ਰਚਾਰ ਵੀ ਕੀਤਾ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਖਨਊ ਦੇ ਕੈਂਟ ਵਿਧਾਨ ਸਭਾ ਖੇਤਰ ਤੋਂ ਸਪਾ ਉਮੀਦਵਾਰ ਰਹੀ ਅਰਪਣਾ ਯਾਦਵ ਨੂੰ ਭਾਜਪਾ ਦੀ ਰੀਤਾ ਬਹੁਗੁਣਾ ਜੋਸ਼ੀ ਨੇ ਹਰਾਇਆ ਸੀ। ਉੱਤਰ ਪ੍ਰਦੇਸ਼ ਦੀਆਂ 403 ਸੀਟਾਂ ਤੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਬਸਪਾ ਦਾ ਪ੍ਰਦਰਸ਼ਨ ਬਹੁਤ ਹੀ ਖ਼ਰਾਬ ਰਿਹਾ ਅਤੇ ਪਾਰਟੀ ਨੂੰ ਸਿਰਫ਼ ਇਕ ਸੀਟ ਤੇ ਜਿੱਤ ਮਿਲੀ। ਸਪਾ ਨੇ ਬਸਪਾ ਤੇ ਭਾਜਪਾ ਨਾਲ ਮਿਲੀਭਗਤ ਦਾ ਦੋਸ਼ ਲਗਾਇਆ ਸੀ।






