ਐਸ ਏ ਅੇਸ ਨਗਰ, 24 ਮਾਰਚ – ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ੍ਰੀ ਬੀਰ ਦਵਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਤੈਅ ਕੀਤੇ ਉਮੀਦਵਾਰਾਂ ਦੀ ਸੂਚੀ, ਅਰਵਿੰਦ ਕੇਜਰੀਵਾਲ ਦੇ ਫਾਸ਼ੀਵਾਦ ਅਤੇ ਪਹਿਲੇ ਵੱਡੇ ਰਾਜਨੀਤਕ ਭ੍ਰਿਸ਼ਟਾਚਾਰ ਦਾ ਮੁੱਢ ਹੈ। ਰਾਜ ਸਭਾ ਵਿੱਚ ਪੰਜਾਬ ਤੋਂ ਨੁਮਾਇੰਦੇ ਚੁਨਣ ਵੇਲੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਿਸ ਕਦਰ ਪੰਜਾਬ ਅਤੇ ਪੰਜਾਬੀਆਂ ਦੇ ਵਡੇਰੇ ਹਿਤਾਂ ਅਤੇ ਜਜ਼ਬਾਤਾਂ ਨੂੰ ਦਰਕਿਨਾਰ ਕੀਤਾ ਹੈ, ਉਸ ਤੋਂ ਕੇਜਰੀਵਾਲ ਦੀ ਪੰਜਾਬ, ਪੰਜਾਬੀ ਅਤੇ ਸਿੱਖ ਵਿਰੋਧੀ ਮਨ ਦੀ ਧਾਰਨਾ, ਸਾਫ਼ ਅਤੇ ਸਪਸ਼ਟ ਤੌਰ ਤੇ ਪ੍ਰਗਟ ਹੋ ਗਈ ਹੈ।
ਇੱਥੇ ਜਾਰੀ ਇਕ ਬਿਆਨ ਵਿੱਚ ਉਹਨਾਂ ਕਿਹਾ ਕਿ ਕੇਜਰੀਵਾਲ ਨੇ ਜਿੱਥੇ ਪੰਜਾਬ ਦੀਆਂ ਰਾਜ ਸਭਾ ਸੀਟਾਂ ਦੀ ਸੌਦੇਬਾਜ਼ੀ ਕਰ ਕੇ ਚੌਖਾ ਮੁੱਲ ਵੱਟ ਲਿਆ ਹੈ, ਉੱਥੇ ਉਸਨੇ ਇਹ ਸੰਕੇਤ ਵੀ ਸਪਸ਼ਟ ਦੇ ਦਿੱਤੇ ਹਨ ਕਿ ਭਗਵੰਤ ਮਾਨ ਪੰਜਾਬ ਦਾ ਕੇਵਲ ਇੱਕ ਨਾਮਧਰੀਕ ਤੇ ਨੁਮਾਇਸ਼ੀ ਮੁੱਖ ਮੰਤਰੀ ਹੈ ਅਤੇ ਪੰਜਾਬ ਦੇ ਵੱਡੇ ਨੀਤੀਗਤ ਫੈਸਲਿਆਂ ਦੀ ਕੁੰਜੀ ਤਾਂ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੀ ਹੈ।
ਉਹਨਾਂ ਕਿਹਾ ਕਿ ਇਹ ਸੰਕੇਤ ਵੀ ਸਪਸ਼ਟ ਹਨ ਕਿ ਪੰਜਾਬ ਦੇ ਰਾਜ-ਭਾਗ ਦਾ ਸ਼ਾਸਨ ਹੁਣ ਦੂਰਵਰਤੀ ਵਿਧੀ (ਰਿਮੋਟ ਕੰਟਰੋਲ) ਰਾਹੀਂ, ਕੇਜਰੀਵਾਲ ਵੱਲੋਂ ਦਿੱਲੀ ਤੋਂ ਹੀ ਨਿਅੰਤਰਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਆਮ ਲੋਕਾਂ ਲਈ ਅਤੇ ਖਾਸ ਕਰਕੇ ਦੇਸ਼ ਦੀ, ਸਿੱਖ ਘੱਟ ਗਿਣਤੀ ਲਈ ਵਿਸ਼ੇਸ਼ ਤੌਰ ਤੇ ਇੱਕ ਨਵੀਂ ਕਿਸਮ ਦਾ ‘ਉਗਰ ਰਾਸ਼ਟਰਵਾਦ’ ਭੋਗਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਜੋ ਕਿਸੇ ਤਰ੍ਹਾਂ ਵੀ ਇਟਲੀ ਵਿੱਚ ਮਸੋਲੀਨੀ ਦੇ ਚਲਾਏ ਫਾਸ਼ੀਵਾਦ ਤੋਂ ਬਹੁਤਾ ਵੱਖਰਾ ਨਹੀਂ। ਉਹਨਾਂ ਕਿਹਾ ਕਿ ਜਿਸ ਅਧਿਨਾਇਕਵਾਦੀ ਇਖ਼ਤਿਆਰਾਂ ਦੀ ਵਰਤੋਂ ਕਰਦੇ ਹੋਏ, ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਵਜ਼ੀਰਾਂ ਦੀ ਪਲੇਠੀ ਮੀਟਿੰਗ ਵਿੱਚ ਹੀ ਦਬਕੇ ਮਾਰੇ ਹਨ ਤੇ ਲੋਕਾਂ ਦੇ ਬੜੇ ਹਰਸ਼-ਓ-ਉਲਾਸ ਤੇ ਧੂਮ-ਧੜੱਕੇ ਨਾਲ ਚੁਣੇ ਹੋਏ ਨੁਮਾਇੰਦਿਆਂ ਨੂੰ ਜਿੱਚ ਤੇ ਜ਼ਲੀਲ ਕੀਤਾ ਹੈ, ਉਹ ਕਿਸੇ ਵੀ ਤਰ੍ਹਾਂ ਦੀਆਂ ਪਰਜਾਤੰਤਰੀ ਰਵਾਇਤਾਂ ਦੀ ਸੂਖਮਤਾ ਦੀ ਤਰਜ਼ਮਾਨੀ ਨਹੀਂ ਸੀ, ਸਗੋਂ ਇੱਕ ਨਿਰੰਕੁਸ਼ ਤਾਨਾਸ਼ਾਹ ਦੀ ਨੁਮਾਇਸ਼ ਸੀ।
ਉਹਨਾਂ ਕਿਹਾ ਕਿ ਕੇਜਰੀਵਾਲ ਅਤੇ ਉਸਦੇ ਸਾਥੀਆਂ ਨੂੰ ਇਸ ਭਰਮ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਬੇਮਿਸਾਲ ਜਿੱਤ, ਕੇਜਰੀਵਾਲ ਦੀ ਲੀਡਰਸ਼ਿੱਪ ਅਤੇ ਉਸ ਦੀਆਂ ਨੀਤੀਆਂ ਦੀ ਜਿੱਤ ਹੈ। ਸੱਚਾਈ ਤਾਂ ਇਹ ਹੈ ਕਿ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ, ਰਵਾਇਤੀ ਪਾਰਟੀਆਂ ਦੀ ਲੁੱਟ ਅਤੇ ਸ਼ੋਸ਼ਣ ਦੇ ਵਿਰੱਧ ਵਿਦਰੋਹ ਸੀ, ਜਿਸਦੇ ਵਿਆਪਕ ਉਲਾਰ ਦਾ ਲਾਹਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਗਿਆ, ਪਰ ਇਹ ਉਲਾਰਵਾਦੀ ਵਿਵਸਥਾ ਟਿਕਾਊ ਤੇ ਸਦੀਵੀ ਨਹੀਂ ਹੈ।
ਉਹਨਾਂ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਇਹ ਸਪਸ਼ਟ ਹੈ ਕਿ ਕੇਜਰੀਵਾਲ ਪੰਜਾਬ ਨੂੰ ਆਪਣੀ ਸਿਅਸਤ ਦੀ ‘ਤਜਾਰਤੀ ਬਸਤੀ’ ਸਮਝ ਕੇ ਇਸਦੇ ਸੋਮੇ ਅਤੇ ਸਾਧਨਾਂ ਨੂੰ ਲੁੱਟ ਕੇ ਭਾਰਤ ਦੇ ਦੂਸਰੇ ਰਾਜਾਂ ਵਿੱਚ ਆਪਣੇ ਪੈਰ ਪਸਾਰਨ ਲਈ ਨਿਵੇਸ਼ ਕਰੇਗਾ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਅਤੇ ਰਵਾਇਤੀ ਪਾਰਟੀਆਂ ਦੀ ਵੱਡੀ ਹਾਰ ਤੋਂ ਬਾਅਦ ਜੋ ਰਾਜਨੀਤਕ ਬਿਰਤਾਂਤ ਸਿਰਜਿਆਂ ਜਾ ਰਿਹਾ ਹੈ, ਉਸਦੇ ਮੁੱਢਲੇ ਸੰਕੇਤ, ਪੰਜਾਬ ਲਈ ਅਤੇ ਸੰਤੁਲਿਤ ਲੋਕਤੰਤਰ ਦੇ ਭਵਿੱਖ ਲਈ ਕੋਈ ਬਹੁਤੇ ਸ਼ੁੱਭ ਨਹੀਂ ਜਾਪਦੇ, ਇਸ ਲਈ ਪੰਜਾਬ ਦੇ ਆਵਾਮ, ਪੰਜਾਬ ਦੀਆਂ ਸਮੂਹ ਰਾਜਨੀਤਕ ਪਾਰਟੀਆਂ ਅਤੇ ਪੰਜਾਬ ਦੇ ਚਿੰਤਕਾਂ ਨੂੰ ਹੁਣ ਤੋਂ ਹੀ ਸਿਰ ਜੋੜ ਕੇ ਚਿੰਤਨ ਅਤੇ ਬਦਲੇ ਹੋਏ ਹਾਲਾਤ ਦਾ ਮੰਥਨ ਕਰਨ ਦੀ ਲੋੜ ਹੈ ਤਾਂ ਕਿ ਕੇਜਰੀਵਾਲ ਦੇ ਫਾਸ਼ੀਵਾਦ ਨੂੰ ਸਮਾਂ ਰਹਿੰਦਿਆਂ ਨੱਥ ਪਾਈ ਜਾ ਸਕੇ।





