ਸ੍ਰੀ ਮੁਕਤਸਰ ਸਾਹਿਬ 24 ਮਾਰਚ 2022- ਆਉਣ ਵਾਲੇ ਸਾਉਣੀ 2022 ਦੌਰਾਨ ਬੀਜੀ ਜਾਣ ਵਾਲੀ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਸਬੰਧੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ ਨੇ ਜ਼ਿਲ੍ਹੇ ਦੀਆਂ ਜ਼ਿਨਿੰਗ ਫੈਕਟਰੀਆਂ ਅਤੇ ਆਇਲ ਮਿੱਲ ਮਾਲਕਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਜ਼ਿਨਿੰਗ ਫੈਕਟਰੀਆਂ ਅਤੇ ਆਇਲ ਮਿੱਲ ਮਾਲਕਾਂ ਨੂੰ ਨਰਮੇਂ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਅਗਾਹੂੰ ਰੋਕਥਾਮ ਸਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਤਾਂ ਜੋ ਨਰਮੇਂ ਦੀ ਭਰਪੂਰ ਪੈਦਾਵਾਰ ਹੋ ਸਕੇ।
ਮੀਟਿੰਗ ਦੌਰਾਨ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਉਣੀ 2021 ਦੌਰਾਨ ਜਿ਼ਲ੍ਹੇ ਅੰਦਰ ਨਰਮੇਂ ਦੀ ਫ਼ਸਲ ਤੇ ਅਖੀਰ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਪਾਇਆ ਗਿਆ ਸੀ, ਜਿਸ ਕਾਰਨ ਹੁਣ ਇਸ ਗੁਲਾਬੀ ਸੁੰਡੀ ਦਾ ਲਾਰਵਾ ਰੂੰ ਮਿੱਲਾਂ ਵਿਚ ਪਏ ਨਰਮੇਂ, ਤੇਲ ਮਿੱਲਾਂ ਵਿੱਚ ਪਏ ਵੜੇਵਿਆਂ, ਖੇਤਾਂ ਅਤੇ ਪਿੰਡਾਂ ਵਿੱਚ ਪਈਆਂ ਛਿਟੀਆਂ ਵਿੱਚ ਪਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ 18 ਜਿੰਨਿੰਗ ਫੈਕਟਰੀਆਂ ਅਤੇ 20 ਆਇਲ ਮਿੱਲਾਂ ਮੌਜ਼ੂਦ ਹਨ। ਇਨ੍ਹਾਂ ਜ਼ਿਨਿੰਗ ਫੈਕਟਰੀਆਂ ਅਤੇ ਆਇਲ ਮਿੱਲਾਂ ਵਿੱਚ ਗੁਲਾਬੀ ਸੁੰਡੀ ਦੇ ਪ੍ਰਬੰਧਨ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ 7 ਤਕਨੀਕੀ ਨੋਡਲ ਅਧਿਕਾਰੀ ਲਗਾਏ ਗਏ ਹਨ ਜੋ ਸਮੇਂ-ਸਮੇਂ ਤੇ ਇਨ੍ਹਾਂ ਮਿੱਲਾਂ ਦਾ ਦੌਰਾ ਕਰਕੇ ਮਿੱਲ ਮਾਲਕਾਂ ਨੂੰ ਗੁਲਾਬੀ ਸੁੰਡੀ ਦੇ ਲਾਰਵੇ ਸਬੰਧੀ ਤਕਨੀਕੀ ਜਾਣਕਾਰੀ ਦੇ ਰਹੇ ਹਨ।
ਉਹਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਪਿੰਡਾਂ ਜਾਂ ਖੇਤਾਂ ਦੇ ਵਿੱਚ ਪਈਆਂ ਛਿਟੀਆਂ ਦੇ ਪ੍ਰਬੰਧਨ ਲਈ 70 ਨੋਡਲ ਅਫਸਰ ਅਤੇ 4 ਕੋਆਰਡੀਨੇਟਰ ਲਗਾਏ ਗਏ ਹਨ, ਜੋ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਜਾਗਰੂਕ ਕਰਦੇ ਹੋਏ ਨਰਮੇਂ ਦੀਆਂ ਛਿਟੀਆਂ ਦਾ ਪ੍ਰਬੰਧਨ ਕਰਵਾ ਰਹੇ ਹਨ।






