ਮਾਨਸਾ ਨੇੜਲੇ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦਾ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਪੀ ਜੀ ਆਈ ਤੋਂ ਪੋਸਟਮਾਰਟਮ ਹੋਣ ਉਪਰੰਤ ਵੀਰਵਾਰ ਬਾਅਦ ਦੁਪਹਿਰ ਪੁਲੀਸ ਸੁਰੱਖਿਆ ਪ੍ਰਬੰਧਾਂ ਹੇਠ ਪਰਿਵਾਰ ਵੱਲੋਂ ਅੰਤਿਮ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਅਦਾਲਤ ਦੇ ਆਦੇਸ਼ਾਂ ਮੁਤਾਬਕ ਕੋਈ ਵੀ ਰਾਜਨੇਤਾ ਨਹੀਂ ਪਹੁੰਚਿਆ। ਪਿਤਾ ਜਰਨੈਲ ਸਿੰਘ ਨੇ ਕਿਹਾ ਕਿ ਅਦਾਲਤ ਦੇ ਆਦੇਸ਼ਾਂ ਮੁਤਾਬਕ ਸਾਰੇ ਪਰਿਵਾਰ ਨੇ ਸਹਿਮਤੀ ਨਾਲ ਦਲਜੀਤ ਦਾ ਅੰਤਿਮ ਸਸਕਾਰ ਕੀਤਾ ਹੈ।
ਮੌਤ ਦੇ 10 ਦਿਨਾਂ ਬਾਅਦ ਜਦੋਂ ਅੰਤਿਮ ਸਸਕਾਰ ਲਈ ਪੀ ਜੀ ਆਈ ਤੋਂ ਪੋਸਟਮਾਰਟਮ ਹੋਣ ਉਪਰੰਤ ਦਲਜੀਤ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ ਤਾਂ ਪਰਿਵਾਰ ਅਤੇ ਪਿੰਡ ਵਾਸੀ ਬਿਲਕ ਉੱਠੇ। ਦਲਜੀਤ ਦਾ ਮੂੰਹ ਦੇਖਦੇ ਹੀ ਪਰਿਵਾਰ ਕੁਰਲਾ ਉੱਠਿਆ ਅਤੇ ਭੈਣ ਅਮਰਜੀਤ ਕੌਰ ਨੇ ਕਿਹਾ ਕਿ ਨਸ਼ੇ ਅਤੇ ਸਰਕਾਰ ਦੀ ਲਾਪਰਵਾਹੀ ਕਰਕੇ ਹੀ ਦਲਜੀਤ ਦੀ ਮੌਤ ਹੋਈ ਹੈ। ਉਹ ਸਾਡਾ ਇਕਲੌਤਾ ਭਰਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਜੇ ਕੁਝ ਕਰ ਸਕਦੀ ਹੈ ਤਾਂ ਨਸ਼ੇ ਨੂੰ ਲਗਾਮ ਪਾਵੇ ਤਾਂ ਜੋ ਦਲਜੀਤ ਵਾਂਗ ਕੋਈ ਹੋਰ ਨੌਜਵਾਨ ਨਸ਼ੇ ਦੀ ਭੇਟ ਨਾ ਚੜ੍ਹੇ।
ਜ਼ਿਕਰਯੋਗ ਹੈ ਕਿ 27 ਅਕਤੂਬਰ ਨੂੰ ਦਲਜੀਤ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਸੀ ਅਤੇ ਕੁਝ ਵਿਅਕਤੀ ਉਸ ਨੂੰ ਸੜਕ ਕਿਨਾਰੇ ਸੁੱਟ ਕੇ ਚਲੇ ਗਏ ਸਨ। ਪੁਲੀਸ ਨੇ ਉਸ ਦੀ ਮੌਤ ਨੂੰ ਲੈ ਕੇ ਤਿੰਨ ਵਿਅਕਤੀਆਂ ‘ਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਹੈ, ਜਦੋਂ ਕਿ ਪਰਿਵਾਰ ਦਾ ਕਹਿਣਾ ਹੈ ਕਿ ਦਲਜੀਤ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਉਸ ਦਾ ਏਮਜ਼ ਬਠਿੰਡਾ ਅਤੇ ਬਾਅਦ ਵਿੱਚ ਹਾਈ ਕੋਰਟ ਦੇ ਆਦੇਸ਼ਾਂ ‘ਤੇ ਪੀ ਜੀ ਆਈ ਚੰਡੀਗੜ੍ਹ ਵਿਖੇ ਦੋ ਵਾਰ ਪੋਸਟਮਾਰਟਮ ਕਰਵਾਇਆ ਗਿਆ। ਉਸ ਦੇ ਅੰਤਿਮ ਸਸਕਾਰ ਮੌਕੇ ਪਿੰਡ ਵਿੱਚ ਪੁਲੀਸ ਦਾ ਪਹਿਰਾ ਲੱਗਿਆ ਰਿਹਾ ਅਤੇ ਬਾਹਰਲੇ ਵਿਅਕਤੀਆਂ ਨੂੰ ਉੱਥੇ ਆਉਣ-ਜਾਣ ਨਹੀਂ ਦਿੱਤਾ ਗਿਆ।
ਉੱਥੇ ਹੀ ਦਲਜੀਤ ਦੀ ਮੌਤ ਨੂੰ ਲੈ ਕੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਮਨਦੀਪ ਸਿੰਘ ਦੀ ਭੈਣ ਦੀ ਇੱਕ ਕਥਿਤ ਵੀਡੀਓ ਸਾਹਮਏ ਆਈ ਹੈ। ਉਸ ਦਾ ਦਾਅਵਾ ਹੈ ਕਿ ਮਨਦੀਪ ਨਸ਼ੇ ਦਾ ਆਦੀ ਸੀ। ਉਸ ’ਤੇ ਨਜ਼ਰ ਰੱਖਣ ਲਈ ਉਨ੍ਹਾਂ ਆਪਣੇ ਘਰ ਵਿੱਚ ਸੀ ਸੀ ਟੀ ਵੀ ਕੈਮਰੇ ਲਗਾਏ ਹਨ। ਦਲਜੀਤ ਜਦੋਂ ਉਨ੍ਹਾਂ ਦੇ ਭਰਾ ਦੇ ਘਰ ਆਇਆ ਤਾਂ ਉਹ ਸੀ ਸੀ ਟੀ ਵੀ ਕੈਮਰਿਆਂ ਵਿੱਚ ਬਾਥਰੂਮ ਵੱਲ ਟੀਕਾ ਲੈ ਕੇ ਜਾਂਦਾ ਦਿਖ ਰਿਹਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਹ ਕਾਫ਼ੀ ਦੇਰ ਬਾਹਰ ਨਹੀਂ ਆਇਆ ਤਾਂ ਦੂਜੇ ਦੋਸਤਾਂ ਨੇ ਉਸ ਨੂੰ ਉੱਥੇ ਜਾ ਕੇ ਦੇਖਿਆ ਤਾਂ ਉਹ ਡਿੱਗਿਆ ਪਿਆ ਮਿਲਿਆ। ਉਨ੍ਹਾਂ ਉਸ ਨੂੰ ਮੰਜੇ ’ਤੇ ਪਾਇਆ। ਮਨਦੀਪ ਦੀ ਭੈਣ ਦਾ ਦਾਅਵਾ ਹੈ ਕਿ ਪੁਲੀਸ ਨੇ ਕੈਮਰਿਆਂ ਦੀ ਡੀ ਵੀ ਆਰ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ।





