ਪਟਿਆਲਾ 04 ਅਪ੍ਰੈਲ 2022 : ਅੱਜ ਇੱਥੇ ਇੰਡੀਅਨ ਫਰਾਮਰਜ ਐਸੋਸੀਏਸ਼ਨ ਦੇ ਕੋਮੀ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਤਨਾਮ ਸਿੰਘ ਬਹਿਰੂ ਦੀ ਅਗਵਾਈ ਹੇਠ ਕਿਸਾਨਾਂ ਦੇ ਇੱਕ ਪੰਜ ਮੈਂਬਰੀ ਵਫਦ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਐਮ ਡੀ ਚੈਅਰਮੈਨ ਸ੍ਰ ਬਲਦੇਵ ਸਿੰਘ ਸਰਾਂ ਨਾਲ ਕਿਸਾਨਾਂ ਦੇ ਭਖਦੇ ਮਸਲਿਆਂ ਤੇ ਮੀਟਿੰਗ ਕਰਕੇ ਇੱਕ ਲਿਖਤੀ ਮੰਗ ਪੱਤਰ ਸੌਂਪਿਆ। ਕਿਸਾਨ ਵਫਦ ਨੇ ਸ਼੍ਰੀ ਚੈਅਰਮੈਨ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ ਪਿਛਲੇ ਸਾਲ ਦੀ ਪੈਡੀ ਸੀਜ਼ਨ ਦੌਰਾਨ ਪੰਜਾਬ ਦੀਆਂ ਸਾਰੀਆਂ ਕਿਸਾਨ ਜੱਥੇਬੰਦੀਆਂ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਰੁੱਝੀਆਂ ਹੋਈਆਂ ਸਨ ਅਤੇ ਕੋਵੀਡ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨਾਲ਼ ਪੈਡੀ ਸੀਜ਼ਨ ਦੌਰਾਨ ਕਿਸਾਨਾਂ ਨੂੰ ਟਿਊਬਵੈਲਾਂ ਦੀ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਹੋਰ ਮਸਲਿਆਂ ਤੇ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਮੀਟਿੰਗ ਨਹੀਂ ਸੀ ਹੋ ਸਕੀ। ਇਸ ਲਈ ਆਉਂਣ ਵਾਲੀ ਪੈਡੀ ਸੀਜ਼ਨ ਵਿੱਚ ਕਿਸਾਨਾਂ ਨੂੰ ਟਿਊਬਵੈਲਾਂ ਦੀ ਨਿਰਵਿਘਨ ਬਿਜਲੀ ਸਪਲਾਈ ਦੇਣ ਅਤੇ ਬਿਜਲੀ ਨਾਲ ਸਬੰਧਤ ਹੋਰ ਮੰਗਾਂ ਤੇ ਵਿਚਾਰ ਕਰਨ ਲਈ ਸੰਯੁਕਤ ਕਿਸਾਨ ਮੋਰਚੇ ਨਾਲ ਸ਼ਾਮਲ ਜੱਥੇਬੰਦੀਆਂ ਨਾਲ ਦੱਸ ਅਪ੍ਰੈਲ ਤੋਂ ਮੀਟਿੰਗਂ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇ।
ਸ੍ਰ ਬਹਿਰੂ ਨੇ ਦੱਸਿਆ ਕਿ ਚੈਅਰਮੈਨ ਸ੍ਰ ਸਰਾਂ ਨੇ ਕਿਸਾਨ ਵਫਦ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਮਹਿਕਮੇ ਦੇ ਮੰਤਰੀ ਅਤੇ ਹੋਰ ਉੱਚ ਅਧਿਕਾਰੀਆਂ ਤੋਂ ਆਗਿਆ ਲੈਕੇ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗਾਂ ਸ਼ੁਰੂ ਕਰਾਂਗੇ। ਉਹਨਾਂ ਇਹ ਵੀ ਦੱਸਿਆ ਕਿ ਪੰਜਾਬ ਦੀ ਪੱਕੀ ਕਣਕ ਦੀ ਫ਼ਸਲ ਨੂੰ ਬਿਜਲੀ ਦੇ ਚੰਗੜਿਆਂ ਤੋਂ ਬਚਾਉਣ ਲਈ ਅੱਧੀ ਰਾਤ ਤੋਂ ਸਵੇਰੇ 9 ਵਜੇ ਤੱਕ ਵਾਰੀ ਵਾਰੀ ਫੀਡਰਾਂ ਨੂੰ ਦਿੱਤੀ ਜਾਵੇਗੀ। ਕਿਉਂਕਿ ਗਰਮੀ ਵਿਚ ਬਿਜਲੀ ਦੀਆਂ ਤਾਰਾਂ ਗਰਮ ਹੋਣ ਕਾਰਨ ਕਣਕ ਨੂੰ ਅੱਗ ਲੱਗਣ ਦਾ ਜਾਅਦਾ ਖ਼ਤਰਾ ਹੁੰਦਾ ਹੈ। ਅਤੇ ਕਣਕ ਦੀ ਵਾਢੀ ਤੋਂ ਬਾਅਦ ਟਿਊਬਵੈਲਾਂ ਦੀ ਸਪਲਾਈ ਵਿੱਚ ਵਾਧਾ ਕੀਤਾ ਜਾਵੇਗਾ। ਅੱਜ ਦੇ ਵਫ਼ਦ ਵਿੱਚ ਸ੍ਰ ਬਹਿਰੂ ਤੋਂ ਇਲਾਵਾ ਜਿਹੜੇ ਹੋਰ ਕਿਸਾਨ ਲੀਡਰ ਸ਼ਾਮਿਲ ਹੋਏ ਉਨ੍ਹਾਂ ਵਿੱਚ ਬਲਿਹਾਰ ਸਿੰਘ ਰੁੜਕੀ, ਰਣਜੀਤ ਸਿੰਘ ਆਕੜ, ਹਰਦੇਵ ਸਿੰਘ ਗਿੱਲ, ਅਤੇ ਰਣਜੀਤ ਸਿੰਘ ਰਾਣਾ ਸ਼ਾਮਿਲ ਸਨ।






