ਨਵੀਂ ਦਿੱਲੀ, 4 ਅਪ੍ਰੈਲ – ਲਖੀਮਪੁਰ ਖੀਰੀ ਮਾਮਲੇ ਵਿੱਚ ਦੇਸ਼ ਦੀ ਸਰਵਉਚ ਅਦਾਲਤ ਵਿੱਚ ਸੁਣਵਾਈ ਹੋਈ। ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਮਿਲੇਗੀ ਜਾਂ ਨਹੀਂ, ਇਸ ਬਾਰੇ ਸੁਪਰੀਮ ਕੋਰਟ ਨੇ ਅੱਜ ਫੈਸਲਾ ਰਾਖਵਾਂ ਰੱਖ ਲਿਆ ਹੈ। ਮ੍ਰਿਤਕ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਅਦਾਲਤ ਨੂੰ ਦੱਸਿਆ ਕਿ ਹਾਈ ਕੋਰਟ ਨੇ ਅਹਿਮ ਸਬੂਤਾਂ ਨੂੰ ਦਰਕਿਨਾਰ ਕਰਦਿਆਂ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ। ਕਿਸਾਨਾਂ ਵੱਲੋਂ ਪੇਸ਼ ਵਕੀਲ ਨੇ ਕਿਹਾ ਕਿ ਆਸ਼ੀਸ਼ ਨੂੰ ਪਤਾ ਸੀ ਕਿ ਉਸ ਰਸਤੇ ਵਿੱਚ ਕਿਸਾਨ ਧਰਨੇ ਤੇ ਬੈਠੇ ਹਨ ਜਦਕਿ ਉਪ ਮੁੱਖ ਮੰਤਰੀ ਨੂੰ ਬਦਲਵਾਂ ਰੂਟ ਦਿੱਤਾ ਗਿਆ ਸੀ ਪਰ ਆਸ਼ੀਸ਼ ਜਾਣਬੁਝ ਕੇ ਕਿਸਾਨਾਂ ਵਾਲੇ ਰਸਤੇ ਤੇ ਗਿਆ।
ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਕਮੇਟੀ ਨੇ ਸੁੁਪਰੀਮ ਕੋਰਟ ਨੂੰ ਸਟੇਟਸ ਰਿਪੋਰਟ ਸੌਂਪ ਦਿੱਤੀ। ਕਮੇਟੀ ਨੇ ਰਿਪੋਰਟ ਵਿੱਚ ਕਿਹਾ ਹੈ ਕਿ ਸਿੱਟ ਨੇ ਆਸ਼ੀਸ਼ ਮਿਸ਼ਰਾ ਨੂੰ ਦਿੱਤੀ ਜ਼ਮਾਨਤ ਰੱਦ ਕਰਨ ਲਈ ਯੂਪੀ ਸਰਕਾਰ ਨੂੰ ਦੋ ਵਾਰੀ ਸਿਫਾਰਸ਼ ਕੀਤੀ ਸੀ। ਕਮੇਟੀ ਨੇ ਕਿਹਾ ਕਿ ਸਬੂਤਾਂ ਤੋਂ ਪੁਸ਼ਟੀ ਹੁੰਦੀ ਹੈ ਕਿ ਘਟਨਾ ਸਥਾਨ ਤੇ ਆਸ਼ੀਸ਼ ਮਿਸ਼ਰਾ ਮੌਜੂਦ ਸੀ। ਜਿਕਰਯੋਗ ਹੈ ਕਿ ਲਖੀਮਪੁਰ ਦੇ ਤਿਕੁਨੀਆ ਵਿੱਚ ਅੱਠ ਜਣਿਆਂ ਦੀ ਮੌਤ ਹੋ ਗਈ ਸੀ ਤੇ ਕੇਂਦਰੀ ਰਾਜ ਮੰਤਰੀ ਦੇ ਲੜਕੇ ਤੇ ਕਿਸਾਨਾਂ ਨੂੰ ਜੀਪ ਹੇਠ ਦਰੜਨ ਦੇ ਦੋਸ਼ ਲੱਗੇ ਸਨ।






