ਚੰਡੀਗੜ੍ਹ,5 ਅਪ੍ਰੈਲ- : ਚੰਡੀਗੜ੍ਹ ਵਿੱਚ ਪਾਣੀ ਦੇ ਰੇਟ ਘਟਾਉਣ ਦੇ ਮੁੱਦੇ ਤੇ ਸੈਕਟਰ-17 ਵਿੱਚ ਆਮ ਆਦਮੀ ਪਾਰਟੀ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ। ਇਨ੍ਹਾਂ ਪ੍ਰਦਰਸ਼ਨਕਾਰੀਆਂ ਤੇ ਪੁਲੀਸ ਵਲੋਂ ਪਾਣੀ ਦੀਆਂ ਵਾਛੜਾਂ ਮਾਰੀਆਂ ਗਈਆਂ। ਪਾਰਟੀ ਦੇ ਕਾਰਕੁੰਨ ਬੈਰੀਕੇਡ ਤੋੜ ਕੇ ਨਗਰ ਨਿਗਮ ਦਫ਼ਤਰ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸ ਦੌਰਾਨ ਪੁਲੀਸ ਨੂੰ ਹਲਕਾ ਲਾਠੀਚਾਰਜ ਵੀ ਕਰਨਾ ਪਿਆ। ਇਸ ਮੌਕੇ ਆਪ ਆਗੂ ਪ੍ਰੇਮ ਗਰਗ, ਪਰਦੀਪ ਛਾਬੜਾ ਸਮੇਤ ਕਈ ਹੋਰ ਕੌਂਸਲਰ ਮੁੱਖ ਤੌਰ ਤੇ ਪੁੱਜੇ ਹੋਏ ਸਨ। ਸ਼ਹਿਰ ਦੀਆਂ ਕਾਲੋਨੀਆਂ ਅਤੇ ਸੈਕਟਰਾਂ ਤੋਂ ਵੀ ਲੋਕ ਇੱਥੇ ਪ੍ਰਦਰਸ਼ਨ ਕਰਨ ਲਈ ਪੁੱਜੇ ਹੋਏ ਸਨ।
ਕਰੀਬ ਅੱਧਾ ਦਰਜਨ ਬੱਸਾਂ ਵਿੱਚ ਇੱਥੇ ਪ੍ਰਦਰਸ਼ਨ ਕਰਨ ਲਈ ਕਾਰਕੁੰਨਾਂ ਨੂੰ ਲਿਆਂਦਾ ਗਿਆ ਸੀ। ਦੂਜੇ ਪਾਸੇ ਪੁਲੀਸ ਨੇ ਬੈਰੀਕੇਡਿੰਗ ਕੀਤੀ ਹੋਈ ਸੀ। ਜਦੋਂ ਪੁਲੀਸ ਨੇ ਬੈਰੀਕੇਡ ਕਰਾਸ ਕਰਨ ਤੋਂ ਕਾਰਕੁੰਨਾਂ ਨੂੰ ਰੋਕਿਆ ਤਾਂ ਇਸ ਦੌਰਾਨ ਉਹ ਭੜਕ ਗਏ ਜਿਸਤੇ ਪੁਲੀਸ ਨੇ ਜਵਾਬ ਵਿੱਚ ਪਾਣੀ ਦੀਆਂ ਵਾਛੜਾਂ ਕੀਤੀਆਂ। ਪਾਣੀ ਦੇ ਪ੍ਰੈਸ਼ਰ ਕਾਰਨ ਕਈ ਕਾਰਕੁੰਨ ਪਿੱਛੇ ਜਾ ਕੇ ਡਿਗ ਵੀ ਪਏ।






