ਪਟਿਆਲਾ, 6 ਅਪ੍ਰੈਲ – ਪਟਿਆਲਾ ਵਿੱਚ 12 ੰਘੰਟਿਆਂ ਦੌਰਾਨ ਦੋ ਵੱਖ ਵੱਖ ਥਾਵਾਂ ਤੇ ਦੋ ਨੌਜਵਾਨਾਂ ਦਾ ਕਤਲ ਕਰ ਦਿਤਾ ਗਿਆ। ਬੀਤੀ ਰਾਤ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਪੈਟਰੋਲ ਪੰਪ ਦੇ ਪਿੱਛੇ ਬਹਿਸ ਤੋਂ ਬਾਅਦ ਦੋ ਗੁੱਟਾਂ ਵਿੱਚ ਗੋਲੀਬਾਰੀ ਹੋਣ ਨਾਲ ਇਕ ਨੌਜਵਾਨ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਧਰਮਿੰਦਰ ਸਿੰਘ ਪਿੰਡ ਦੌਣ ਕਲਾਂ ਵਜੋਂ ਹੋਈ ਹੈ।
ਘਟਨਾ ਦੀ ਮਿਲੀ ਸੀ. ਸੀ. ਟੀ. ਵੀ. ਫੁਟੇਜ ਤੋਂ ਸਾਹਮਣੇ ਆਇਆ ਕਿ ਦੋਵਾਂ ਗੁੱਟਾਂ ਵਿੱਚ ਬਹਿਸ ਹੋਣ ਤੋਂ ਬਾਅਦ ਗੋਲੀਆਂ ਚਲਾਈਆਂ ਗਈਆਂ ਹਨ। ਘਟਨਾ ਦੌਰਾਨ ਦੋ ਨਕਾਬਪੋਸ਼ ਨੌਜਵਾਨਾਂ ਨੇ ਧਰਮਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ਬੀਤੀ ਰਾਤ ਤਕਰੀਬਨ 45 ਮਿੰਟ ਤੱਕ ਇਹ ਝਗੜਾ ਚਲਦਾ ਰਿਹਾ, ਜਿਸ ਤੋਂ ਬਾਅਦ ਨਕਾਬਪੋਸ਼ਾਂ ਨੇ ਧਰਮਿੰਦਰ ਸਿੰਘ ਨੂੰ ਗੋਲੀ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ਤੇ ਪਹੁੰਚ ਗਈ, ਜਿਸ ਨੇ ਇਸ ਮਾਮਲੇ ਦੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਸ਼ੂਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਦੱਸੇ ਜਾ ਰਹੇ ਹਨ। ਇਸ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਦੀ ਪੁਲੀਸ ਵੱਲੋਂ ਚਾਰ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਧਰਮਿੰਦਰ ਸਿੰਘ ਉਰਫ ਭਿੰਦਾ ਪਿੰਡ ਦੌਣ ਕਲਾਂ ਦੇ ਕਬੱਡੀ ਕਲੱਬ ਦਾ ਪ੍ਰਧਾਨ ਵੀ ਸੀ ਅਤੇ ਖੇਡਾਂ ਨੂੰ ਪ੍ਰਮੋਟ ਕਰਨ ਵਿਚ ਅਹਿਮ ਯੋਗਦਾਨ ਪਾ ਰਿਹਾ ਸੀ।
ਦੂਜੀ ਘਟਨਾਂ ਵਿੱਚ ਸ੍ਰੀ ਕਾਲੀ ਮਾਤਾ ਮੰਦਰ ਦੇ ਕੋਲ ਕੁਝ ਨੌਜਵਾਨਾਂ ਨੇ ਇਕ ਨੌਜਵਾਨ ਨੂੰ ਚਾਕੂ ਮਾਰ ਕੇ ਮਾਰ ਦਿੱਤਾ। ਮ੍ਰਿਤਕ ਦੀ ਪਛਾਣ ਪ੍ਰਿਤਪਾਲ ਸਿੰਘ ਉਮਰ 18 ਸਾਲ ਵਾਸੀ ਦਸਮੇਸ਼ ਨਗਰ ਪਟਿਆਲਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਕਰਮਜੀਤ ਸਿੰਘ ਨੇ ਦੱਸਿਆ ਕਿ ਇਹ ਕਤਲ ਜਾਇਦਾਦ ਨੂੰ ਲੈ ਕੇ ਵੀ ਹੋ ਸਕਦਾ ਹੈ, ਕਿਉਂਕਿ ਉਨ੍ਹਾਂ ਦਾ ਆਪਣੇ ਰਿਸ਼ਤੇਦਾਰਾਂ ਨਾਲ ਜਾਇਦਾਦ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਦਾ ਕੇਸ ਉਹ ਜਿੱਤ ਵੀ ਚੁੱਕੇ ਸਨ। ਇਹ ਕਤਲ ਸਵੇਰੇ ਲਗਭਗ 5 ਵਜੇ ਹੋਇਆ। ਇਸ ਮਾਮਲੇ ਵਿਚ ਡੀ. ਐਸ. ਪੀ. ਸਿਟੀ ਵਨ ਅਸ਼ੋਕ ਕੁਮਾਰ ਸ਼ਰਮਾ ਨੇ ਦੱਸਿਆ ਕਿ ਕਤਲ ਦਾ ਕੇਸ ਦਰਜ ਕਰਕੇ ਕਾਤਲਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।






