ਕੋਟਕਪੂਰਾ 8 ਅਪ੍ਰੈਲ 2022-ਸਥਾਨਕ ਨਵੀਂ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਦੀ ਰਸਮੀ ਸ਼ੁਰੂਆਤ ਵਿਧਾਨਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਐੱਸਡੀਐੱਮ ਕੋਟਕਪੂਰਾ ਵਰਿੰਦਰ ਸਿੰਘ ਨੇ ਕਰਵਾਈ। ਇਸ ਮੌਕੇ ਮਾਰਕੀਟ ਕਮੇਟੀ ਕੋਟਕਪੂਰਾ ਦੇ ਸਕੱਤਰ ਯੁਗਵੀਰ ਸਿੰਘ ਸਮੇਤ ਵੱਖ ਵੱਖ ਖ਼ਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ। ਕਣਕ ਦੀ ਪਹਿਲੀ ਢੇਰੀ ਦੀ ਖਰੀਦ ਮਾਰਕਫੈਡ ਵੱਲੋਂ ਕੀਤੀ ਗਈ। ਕਣਕ ਖਰੀਦ ਦੀ ਰਸਮੀ ਸ਼ੁਰੂਆਤ ਕਰਨ ਮਗਰੋਂ ਵਿਧਾਇਕ ਕੋਟਕਪੂਰਾ ਅਤੇ ਵਿਧਾਨਸਭਾ ਸਪੀਕਰ ਪੰਜਾਬ ਕੁਲਤਾਰ ਸੰਧਵਾ ਨੇ ਕਿਹਾ ਕਿ ਮੰਡੀਆਂ ਵਿਚ ਖ਼ਰੀਦ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਕਰ ਲਏ ਗਏ ਹਨ। ਆੜ੍ਹਤੀਆਂ ਅਤੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਕਣਕ ਦੀ ਆਮਦ ਦੇ 24 ਘੰਟਿਆਂ ’ਚ ਖਰੀਦ ਯਕੀਨੀ ਬਣਾਈ ਜਾਵੇ ਅਤੇ ਲਿਫਟਿੰਗ ਵੀ ਤੁਰੰਤ ਕਰਵਾਈ ਜਾਵੇ। ਇਸ ਮੌਕੇ ਉਨ੍ਹਾਂ ਵੱਲੋਂ ਕਿਸਾਨਾਂ ਨੂੰ ਇਹ ਵਿਸ਼ਵਾਸ ਦਿੱਤਾ ਗਿਆ ਕਿ ਉਨ੍ਹਾਂ ਦੀ ਧੀਆਂ,ਪੁੱਤਾ ਵਾਗੂੰ ਪਾਲੀ ਕਣਕ ਦਾ ਦਾਣਾ ਦਾਣਾ ਖਰੀਦ ਕੇ ਉਸ ਦੀ ਅਦਾਇਗੀ ਮਿੱਥੇ ਸਮੇਂ ਵਿੱਚ ਕਿਸਾਨਾਂ ਨੂੰ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਪੰਜਾਬ ਭਰ ਦੀਆਂ ਮੰਡੀਆਂ ਵਿੱਚ ਖਰੀਦ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਬਾਰਦਾਨੇ ਦੀ ਕਿਸੇ ਪ੍ਰਕਾਰ ਦੀ ਕਮੀ ਨਹੀ ਹੈ । ਉਨ੍ਹਾਂ ਕਿਸਾਨਾਂ ਨੂੰ ਅਨਾਜ ਨੂੰ ਸੁਕਾ ਕੇ ਮੰਡੀਆਂ ਵਿੱਚ ਲਿਆਉਂਣ ਦੀ ਅਪੀਲ ਕੀਤੀ ਤਾਂ ਜੋ ਖਰੀਦ ਵਿੱਚ ਕਿਸੇ ਕਿਸਮ ਦੀ ਔਕੜ ਨਾ ਆਵੇ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਇਸ ਮੌਕੇ 1862 ਪੱਕੀਆਂ ਮੰਡੀਆਂ ਤੇ 450 ਆਰਜੀ ਮੰਡੀਆਂ ਰਾਹੀ ਕਣਕ ਦੀ ਖਰੀਦ ਕੀਤੀ ਜਾ ਰਹੀ ਹੈ । ਉਨ੍ਹਾਂ ਦੱਸਿਆ ਰਬੀ ਸੀਜ਼ਨ 2022-23 ਦੌਰਾਨ ਖ਼ਰੀਦ ਕੀਤੀ ਜਾਣ ਵਾਲੀ ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2015 ਰੁਪਏ ਭਾਰਤ ਸਰਕਾਰ ਵੱਲੋਂ ਨਿਸ਼ਚਿਤ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਕੁਲਤਾਰ ਸੰਧਵਾ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸਰਵਪੱਖੀ ਸਹੂਲਤਾਂ ਦੇਣ ਲਈ ਵਚਨਬੱਧ ਹੈ । ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਿਸਾਨਾਂ ਨੂੰ ਆਪਣੀਆਂ ਫਸਲਾਂ ਵੇਚਣ ਅਤੇ ਫਸਲਾਂ ਦੀ ਅਦਾਇਗੀ ਲਈ ਮੰਡੀਆਂ ਵਿੱਚ ਖੱਜਲ ਖੁਆਰ ਨਹੀ ਹੋਣ ਦਿੱਤਾ ਜਾਵੇਗਾ।
ਸ੍ਰੀ ਸੰਧਵਾ ਨੇ ਪੱਤਰਕਾਰਾਂ ਵੱਲੋ ਪੁੱਛੇ ਸੁਆਲ ਦਾ ਜੁਆਬ ਦਿੰਦੇ ਹੋਏ ਦੱਸਿਆ ਕਿ 1977 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਵਿੱਚ ਹਰ ਵਰਗ,ਹਰ ਧਰਮ ਅਤੇ ਹਰ ਫਿਰਕੇ ਦੇ ਵਿਆਕਤੀਆਂ ਵੱਲੋਂ ਇੱਕਜੁੱਟ ਹੋ ਕਿ ਆਮ ਆਦਮੀ ਪਾਰਟੀ ਨੂੰ ਵੱਡਾ ਫੱਤਵਾ ਦੇ ਕੇ ਸੱਤਾ ਵਿੱਚ ਲਿਆਦਾ ਗਿਆ ਹੈ । ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਪਨੇ ਅਤੇ ਨਿਸਚੇ ਮੁਤਾਬਿਕ ਅਸੀ ਪੰਜਾਬ ਨੂੰ ਮੁੜ ਤੋਂ ਰੰਗਲਾ ਤੇ ਦੇਸ਼ ਦਾ ਮੋਹਰੀ ਸੂਬਾ ਬੁਣਾਉਂਣਾ ਹੈ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਸਾਡਾ ਧਿਆਨ ਹਾੜੀ ਦੇ ਸੀਜ਼ਨ ਤੇ ਹੈ ਅਤੇ ਅਸੀ ਵਾਅਦਾ ਕਰਦੇ ਹਾ ਕਿ ਅਸੀ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀ ਆਉਂਣ ਦਿੱਤੀ ਜਾਵੇਗੀ ।
ਇਸ ਦੌਰਾਨ ਕਿਸਾਨ ਬਾਬੂ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਸਿਵਿਆਂ ਵਲੋਂ ਲਿਆਂਦੀਆਂ ਗਈਆਂ ਢੇਰੀਆਂ ਉਪਰ ਹਿੰਦੀ ਵਿੱਚ ਲਿਖੀਆਂ ਹੋਈਆਂ ਪੱਟੀਆਂ ਲੱਗੀਆਂ ਹੋਈਆਂ ਸਨ। ਇਸਨੂੰ ਲੈਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਤੇ ਸੰਧਵਾ ਨੇ ਕਿਹਾ ਕਿ ਇਹ ਨਾਂਅ ਪੰਜਾਬੀ ਵਿੱਚ ਲਿਖੇ ਜਾਣੇ ਚਾਹੀਦੇ ਸਨ।






