ਨੰਗਲ, 8 ਅਪ੍ਰੈਲ 2022: ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਨਵੀਂ ਦਿੱਲੀ ਵਿਖੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਨੰਗਲ ਵਿਖੇ ਰੇਲਵੇ ਓਵਰਬ੍ਰਿਜ ਦੀ ਉਸਾਰੀ ਤੋਂ ਬਾਅਦ ਇਸ ਹੇਠਾਂ ਆਉਂਦੇ ਰੇਲਵੇ ਕਰਾਸਿੰਗ ਨੂੰ ਵੀ ਚਾਲੂ ਰੱਖਣ ਦੀ ਅਪੀਲ ਕੀਤੀ ਹੈ। ਸੰਸਦ ਮੈਂਬਰ ਤਿਵਾੜੀ ਨੇ ਰੇਲ ਮੰਤਰੀ ਨੂੰ ਦੱਸਿਆ ਕਿ ਰੇਲਵੇ ਓਵਰਬ੍ਰਿਜ ਸਿੱਧਾ ਹਿਮਾਚਲ ਪ੍ਰਦੇਸ਼ ਵੱਲ ਜਾਂਦਾ ਹੈ। ਜਦਕਿ ਇਸ ਤੋਂ ਪਹਿਲਾਂ ਓਵਰਬ੍ਰਿਜ ਦੇ ਹੇਠਾਂ ਇੱਕ ਅੰਡਰਬ੍ਰਿਜ ਬਣਾਉਣ ਬਾਰੇ ਵੀ ਵਿਚਾਰ ਕੀਤਾ ਗਿਆ ਸੀ।
ਪਰ ਕੁਝ ਕਾਰਨਾਂ ਕਰਕੇ ਇਹ ਪ੍ਰਾਜੈਕਟ ਰੁਕ ਗਿਆ ਸੀ। ਉਨ੍ਹਾਂ ਕਿਹਾ ਕਿ ਓਵਰਬ੍ਰਿਜ ਬਣਨ ਨਾਲ ਨੰਗਲ ਸ਼ਹਿਰ ਦੋ ਹਿੱਸਿਆਂ ਵਿੱਚ ਵੰਡਿਆ ਜਾਵੇਗਾ ਅਤੇ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋਵੇਗਾ।ਜਿਸ ਕਾਰਨ ਉਨ੍ਹਾਂ ਨੇ ਰੇਲਵੇ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਓਵਰਬ੍ਰਿਜ ਦੇ ਹੇਠਾਂ ਰੇਲਵੇ ਕਰਾਸਿੰਗ ਨੂੰ ਚਾਲੂ ਰੱਖਿਆ ਜਾਵੇ, ਤਾਂ ਜੋ ਲੋਕਲ ਟਰੈਫਿਕ ਰੇਲਵੇ ਕਰਾਸਿੰਗ ਤੋਂ ਲੰਘ ਸਕੇ ਅਤੇ ਬਾਹਰੀ ਟਰੈਫਿਕ ਸਿੱਧੀ ਓਵਰਬ੍ਰਿਜ ਤੋਂ ਲੰਘ ਸਕੇ।





