ਸ਼੍ਰੀਨਗਰ, 18 ਅਪ੍ਰੈਲ – ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਅੱਤਵਾਦੀਆਂ ਦੇ ਇੱਕ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉਸ ਕੋਲੋਂ ਇੱਕ ਚੀਨੀ ਪਿਸਤੌਲ, 2 ਪਿਸਤੌਲ ਮੈਗਜ਼ੀਨ, 9 ਐੱਮ. ਐੱਮ. ਦੇ 13 ਕਾਰਤੂਸ ਅਤੇ ਇੱਕ ਮੋਬਾਇਲ ਫ਼ੋਨ ਸਮੇਤ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਹੰਦਵਾੜਾ ਦੇ ਸੋਨਮੁੱਲਾਹ ਚੌਰਾਹੇ ਤੇ ਬਣੀ ਇੱਕ ਚੌਕੀ ਤੇ ਸੁਰੱਖਿਆ ਫ਼ੋਰਸਾਂ ਨੇ ਬੀਤੀ ਰਾਤ ਉਸ ਨੂੰ ਰੋਕਿਆ ਤਾਂ ਉਸ ਨੇ ਨਾਕਾ ਦਲ ਦੇਖ ਕੇ ਦੌੜਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਫ਼ੋਰਸ ਨੇ ਉਸ ਨੂੰ ਫੜ ਲਿਆ। ਉਨ੍ਹਾਂ ਦੱਸਿਆ ਕਿ ਉਸ ਦੀ ਪਛਾਣ ਬਸ਼ੀਰ ਅਹਿਮਦ ਕੁਮਾਰ ਦੇ ਤੌਰ ਤੇ ਹੋਈ ਹੈ। ਉਹ ਕਿਹੜੇ ਅੱਤਵਾਦੀ ਸੰਗਠਨ ਅਤੇ ਅੱਤਵਾਦੀਆਂ ਨਾਲ ਸੰਪਰਕ ਵਿੱਚ ਹੈ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਇਸ ਸੰਬੰਧ ਵਿੱਚ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।





