ਫਤਹਿਗੜ੍ਹ ਸਾਹਿਬ- : ਵਿਦੇਸ਼ ਦੀ ਧਰਤੀ ਤੇ ਬੈਠੇ ਡਾ. ਓਅੰਕਾਰ ਸਿੰਘ ਅਮਰੀਕਾ ਵੱਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਉਚਾਰਣ ਜੁਗਤ’ ਦੇ ਨਾਮ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਗੁਰਬਾਣੀ ਦੇ ਬਰਾਬਰ ਆਪਣੇ ਵੱਲੋਂ ਉਚਾਰਣ ਲਿਖਣਾ ਅਤੇ ਗੁਰਬਾਣੀ ਨੂੰ ਸੋਧ ਕੇ ਲਿਖਣ ਦਾ ਕੀਤਾ ਗਿਆ ਆਪ ਹੁਦਰਾਪਣ ਬੇਅਦਬੀ ਤੋਂ ਕਿਸੇ ਤਰ੍ਹਾਂ ਵੀ ਘੱਟ ਨਹੀ ,ਜਿਸ ਦੀ ਅਸੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦੇ ਹਾ , ਅਜਿਹੇ ਮਨਮੁੱਖ ਇੰਨਸਾਨ ਜਿਸ ਨੇ ਗੁਰਬਾਣੀ ,ਸੱਚੀ ਬਾਣੀ ਨਾਲ ਛੇੜ ਛਾੜ ਕੀਤੀ ਹੈ ਤੇ ਸ੍ਰੋਮਣੀ ਕਮੇਟੀ ਸਮੁੱਚੇ ਪੰਥ ਨੂੰ ਭਰੋਸੇ ਵਿੱਚ ਲੈ ਕੇ ਸਖ਼ਤ ਕਾਨੂੰਨੀ ਜਾਰਾਜੋਰੀ ਕਰੇ , ਭਾਵੇ ਵਿਦੇਸ਼ ਦੀਆ ਸਰਕਾਰਾਂ ਤੱਕ ਕਿਉਂ ਨਾ ਪਹੁੰਚ ਕਰਨੀ ਪਵੇ
ਇਹ ਬਿਆਨ ਜਾਰੀ ਕਰਦੇ ਹੋਏ ਸੰਤ ਸਮਾਜ ਦੇ ਸਰਪ੍ਰਸਤ ਬਾਬਾ ਸਰਬਜੀਤ ਸਿੰਘ ਬੇਦੀ ,ਬਾਬਾ ਸੇਵਾ ਸਿੰਘ ਰਾਮਪੁਰ ਖੇੜੇ ਵਾਲੇ ,ਬਾਬਾ ਲਖਬੀਰ ਸਿੰਘ ਰਤਵਾੜਾ ਸਾਹਿਬ ਵਾਲੇ ,ਬਾਬਾ ਹਰੀ ਸਿੰਘ ਰੰਧਾਵੇ ਵਾਲੇ, ਗਿਆਨੀ ਭੋਲ਼ਾ ਸਿੰਘ ਭਿੰਡਰਾ, ਬਾਬਾ ਕਸ਼ਮੀਰਾ ਸਿੰਘ ਅਲਹੌਰਾ ਵਾਲੇ ,ਬਾਬਾ ਮਹਿੰਦਰ ਸਿੰਘ ਭੜੀ ਨੇ ਜਾਰੀ ਕਰਦੇ ਹੋਏ ਕਿਹਾ ਕਿ ਗੁਰੂ ਕੀ ਬਾਣੀ, ਧੁਰ ਦਰਗਾਹੀ ਬਾਣੀ, ਧੁਰੋਂ ਅਵਤਰ ਹੋਈ ਬਾਣੀ, ਕਰਤਾ ਪੁਰਖ ਦੀ ਨਿਰੰਕਾਰ ਦੀ ਸਰੂਪ ਬਾਣੀ ਹੈ, ਇਸ ਨਿਰੰਕਾਰ ਸਰੂਪ ਬਾਣੀ ਦੀ ਗੁਹਜ-ਕਲਾ ਨੂੰ ਨਿੱਜ ਅਕਲਾਂ ਨਾਲ ਸਮਝਣਾ ਮਨ-ਹਠ ਹੀ ਹੈ , ਕਿਸੇ ਵਿਰਲੇ ਗੁਰੂ-ਵਰੋਸਾਇ ਹਿਰਦੇ ਵਿੱਚ ਹੀ ਗੁਰਬਾਣੀ ਦੀ ਗੁਹਜ-ਕਲਾ ਦੀ ਸੋਝੀ ਹੋ ਆਉਂਦੀ ਹੈ , ਗੁਰਬਾਣੀ ਵਿਚ ਲੀਨ ਹੋਇਆ ਹਿਰਦਾ ਹੀ ਗੁਰਬਾਣੀ ਦੀ ਵੀਚਾਰ ਦੱਸ ਸਕਦਾ ਹੈ, ਨਹੀਂ ਤਾਂ ਨਿਰੇ ਬੁੱਧੀ ਮੰਡਲ ਵਿਚ ਵਿਚਰਨ ਵਾਲੇ ਪ੍ਰਾਣੀ ਦੁਨਿਆਵੀ ਵਿਦਿਆਵਾਂ ਦੇ ਬਲਬੂਤੇ ਗੁਰਬਾਣੀ ਨੂੰ ਸਮਝਾਉਣ ਦੀਆਂ ਡੀਂਗਾ ਮਾਰਦੇ ਫਿਰਨ ਤਾਂ ਉਹ ਨਿਰੀ ਮਨਮਤੀ ਕਪੋਲ ਕਿਰਿਆ ਹੈ , ਗੁਰੂ ਕਾਲ ਤੋਂ ਹੀ ਜਦੋਂ ਗੁਰਸਿੱਖਾਂ, ਸੰਪਰਦਾਵਾਂ, ਵਿਦਵਾਨਾਂ ਨੇ ਗੁਰਬਾਣੀ ਦੇ ਉਚਾਰਨ ਅੱਗੋਂ ਦੀ ਅੱਗੇ ਦਿ੍ਰੜ ਕਰਵਾਉਂਦੇ ਆ ਰਹੇ ਹਨ ਤੇ ਇਸ ਸਮੇਂ ਸਵਾਲ ਕਰਦਿਆਂ ਕਿਹਾ ਕਿ ਮੌਜੂਦਾ ਹਾਲਤ ਵਿੱਚ ਆਪਣੀ ਮੱਤ ਅਨੁਸਾਰ ਲਿਖਤੀ ਉਚਾਰਨ ਨਿਸਚਿਤ ਕਰ ਕੇ, ਸੱਚੇ ਪਾਤਸਾਹ ਦੀ ਗੁਰਬਾਣੀ ਦੇ ਬਰਾਬਰ ਉਚਾਰਨ ਲਿਖਣੇ ਤੇ ਛਾਪਣੇ ਕਿੱਥੋਂ ਤੱਕ ਠੀਕ ਹਨ
ਉਕਤ ਧਾਰਮਿਕ ਸੰਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਓਂਅੰਕਾਰ ਸਿੰਘ ਨੇ ਉਚਰਾਣ ਦੇ ਜੋ ਰੂਪ ਦਿੱਤੇ ਹਨ ਉਹ ਇਤਰਾਜ ਯੋਗ ਹਨ , ਉਚਾਰਨ ਦੇ ਚੱਕਰ ਵਿੱਚ ਅਰਥ ਹੀ ਉਲਟ ਪੁਲਟ ਹੋ ਰਹੇ ਹਨ , ਉਦਾਹਰਣ ਹੈ, ਐਸੀਆਂ ਇਤਰਾਜਯੋਗ ਉਚਾਰਨ ਸੇਧਾ ਦੀ ਇਸ ਵਿੱਚ ਭਰਮਾਰ ਹੈ , ਅਜਿਹਾ ਕਰਨਾ ਨਾਜਾਇਜ , ਨਾਮੁਨਾਸਿਬ ਅਤੇ ਪੰਥ ਲਈ ਹਾਨੀਕਾਰਕ ਹੈ , ਗੁਰਬਾਣੀ ਨੂੰ ਉਚਾਰਨ ਲਈ ਇਹ ਰੂਪ ਦੇਣਾ ਸਾਡੀ ਚਤੁਰਾਈ, ਗੁਰੂ ਤੋਂ ਬੇ-ਮੁਖਤਾਈ ਅਤੇ ਪੂਰੇ ਗੁਰੂ ਦੀ ਪੂਰੀ ਮਤਿ ਉਤੇ ਸਾਡੀ ਗੁਸਤਾਖੀ ਭਰੀ ਟੀਕਾ-ਟਿੱਪਣੀ ਹੈ , ਇਸ ਮਨਮਤਿ ਦੇ ਹਾਮੀ ਭੀ ਨਿਰਦੋਸ ਨਹੀਂ ਰਹਿ ਸਕਦੇ ਆਗੂਆਂ ਨੇ ਕਿਹਾ ਕਿ ਗੁਰੂਆਂ ਦੁਆਰਾ ਰਚਿਤ ਬਾਣੀ ’ਚ ਕੋਈ ਗਲਤੀ ਕੱਢਣਾ ਜਾਂ ਆਪਣੀ ਅੱਨਿਜਮੱਤ ਦਾ ਉਚਾਰਣ ਕਰਨ ਦਾ ਕੀਤਾ ਗਿਆ , ਇਹ ਕੰਮ ਕਿਸੇ ਵੱਡੀ ਸ਼ਰਾਰਤ ਅਤੇ ਕੌਮ ਵਿੱਚ ਵਿਖਰੇਵਾ ਪਾਉਣ ਦਾ ਯਤਨ ਲੱਗ ਰਹੀ ਹੈ , ਉਨ੍ਹਾਂ ਕਿਹਾ ਕਿ ਗੁਰੂ ਚਰਨਾਂ ਨਾਲ ਜੁੜੇ ਹੋਏ ਗੁਰਮੁਖ ਜਨ ਵੀ ਇਹ ਡੀਂਗ ਨਹੀਂ ਮਾਰ ਸਕਦੇ ਕਿ ਉਨ੍ਹਾਂ ਨੂੰ ਬਾਣੀ ਦੇ ਪਾਠ ਦੀ ਸੋਝੀ ਹੋ ਗਈ ਹੈ ਕਿਉਂਕਿ ਉਹ ਜਾਣਦੇ ਹਨ ਕਿ ਅਗਾਧ-ਬੋਧ ਮਹਾਂ ਪੁਰਖ ਤੋਂ ਅਵਤਾਰੀ ਬਾਣੀ ਵੀ ਅਗਾਧ-ਬੋਧ ਹੈ। ਭੈ-ਭਾਵਨੀ ਵਿਚ ਵਿਚਰਦਿਆਂ ਹੋਇਆਂ ਹੀ, ਗੁਰੂ ਕਿਰਪਾ ਨਾਲ ਗੁਰਬਾਣੀ ਦੇ ਪਾਠਾਂ ਦੀ, ਸਬਦ ਜੋੜਾਂ ਦੇ ਉਚਾਰਨ ਦੀ ਸੋਝੀ ਹੋ ਆਉਂਦੀ ਹੈ। ਧਾਰਮਿਕ ਆਗੂਆਂ ਨੇ ਸਖ਼ਤ ਸ਼ਬਦਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਇਸ ਗੁਸਤਾਖੀ ਦੇ ਮਸਲੇ ਤੇ ਕਮੇਟੀਆਂ ਬਣਾ ਕੇ ਜਾਂ ਪਾਬੰਦੀ ਲਾ ਕੇ ਨਹੀ ਹੱਲ ਹੋਣੀ ਬਲਕਿ ਅਜਿਹੇ ਗਲਤੀਵਾਨਾਂ ਲਈ ਸਖ਼ਤ ਫੈਸਲੇ ਲੈਣ ਦਾ ਸਮਾਂ ਆ ਗਿਆ ਹੈ ਤਾਂ ਜੋਕਿ ਆਉਣ ਵਾਲੇ ਸਮੇ ਵਿੱਚ ਕੋਈ ਹੋਰ ਐਸੀ ਗਲਤੀ ਕਰਨ ਦੀ ਹਿੰਮਤ ਨਾ ਕਰੇ।
ਇਸ ਮੌਕੇ ਸੰਤ ਸਮਾਜ ਵੱਲੋਂ ਅਪੀਲ ਕਰਦਿਆਂ ਕਿਹਾ ਕਿ ਸਮੁੱਚੀਆਂ ਸੰਪ੍ਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਸਿੰਘ ਸਭਾਵਾਂ ਤੇ ਪੰਥਕ ਜਥੇਬੰਦੀਆਂ ਨੂੰ ਰਲ਼ਕੇ ਠੋਸ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਸਖਤ ਫੈਸਲੇ ਲਾਏ ਜਾਣ । ਜੇ ਅਜੋਕੇ ਸਮੇਂ ਗੁਰਬਾਣੀ ਨਾਲ ਛੇੜਛਾੜ ਹੋਈ ਤਾਂ ਇਸ ਨਾਲ ਕੌਮ ਨੂੰ ਵੀ ਵੱਡਾ ਖਤਰਾ ਹੈ। ਇਸ ਛੇੜਾ ਛਾੜੀ ਨਾਲ ਕੌਮ ਦੀ ਹੋਂਦ ਨੂੰ ਮਿਟਾਉਣਾ ਪੰਥ ਵਿਰੋਧੀ ਸ਼ਕਤੀਆਂ ਵਾਸਤੇ ਕੋਈ ਵੱਡੀ ਗੱਲ ਨਹੀਂ ਰਹਿ ਜਾਵੇਗੀ ਕਿਉਂਕਿ ਗੁਰਬਾਣੀ ਸਾਡੀ ਹੋਂਦ ਹੈ, ਗੁਰਬਾਣੀ ਹੀ ਸਾਡੀ ਹਸਤੀ ਹੈ, ਸੋ ਇਸ ਕਰਕੇ ਆਪਾ ਆਪਣੇ ਮੂਲ ਨੂੰ, ਆਪਣੇ ਸਿਧਾਂਤ ਨੂੰ ਬਚਾਉਣ ਲਈ ਹੁਣ ਪੂਰੇ ਤਕੜੇ ਹੋ ਕੇ ਐਸੇ ਦੁਸ਼ਟਾਂ ਨਾਲ ਨਜਿਠਣਾ ਚਾਹੀਦਾ ਹੈ । ਅਤੇ ਇਸ ਓਂਕਾਰ ਸਿੰਘ ਵੱਲੋਂ ਕੀਤੀ ਗਈ ਨਾ ਮੁਆਫੀਯੋਗ ਗਲਤੀ ਦੇ ਦੁੱਖ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਿੱਚ ਸੋਗ ਦੀ ਲਹਿਰ ਛਾ ਗਈ ਹੈ। ਇਸ ਸ਼ਰਾਰਤ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਇਸ ਬੇਅਦਬੀ ਨਾਲ ਸਮੁੱਚੀ ਕੌਮ ਦੇ ਗੁਰਸਿੱਖਾਂ ਦੇ ਮਨਾਂ ਤੇ ਠੇਸ ਲੱਗੀ ਹੈ ।






