ਐਸ ਏ ਐਸ ਨਗਰ, 19 ਅਪ੍ਰੈਲ -ਭਾਈ ਘਨੱਈਆ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਸ੍ਰੀ ਕੇ ਕੇ ਸੈਣੀ ਵਲੋਂ ਮੈਰੀਟੋਰੀਅਸ ਸਕੂਲ ਮੁਹਾਲੀ ਵਿੱਚ ਅੱਠ ਦਿਨਾਂ ਯੋਗਾ ਕੈਂਪ ਲਗਾਇਆ ਗਿਆ।
ਸਕੂਲ ਦੀ ਪ੍ਰਿੰਸੀਪਲ ਰਿਤੂ ਸ਼ਰਮਾ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਸ੍ਰੀ ਸੈਣੀ ਵਲੋਂ ਵਿਦਿਆਰਥੀਆਂ ਨੂੰ ਯੋਗਾ ਕਰਵਾਉਣ ਦੇ ਨਾਲ ਨਾਲ ਤੰਦਰੁਸਤ ਸਿਹਤ ਅਤੇ ਖ਼ੁਸ਼ ਭਰੀ ਜ਼ਿੰਦਗੀ ਜਿਊਣ ਲਈ ਕੁਝ ਜ਼ਰੂਰੀ ਨੁਕਤੇ, ਸਵੇਰੇ ਜਲਦੀ ਉੱਠਣਾ, ਹਰ ਰੋਜ਼ ਕਸਰਤ ਕਰਨਾ, ਵੱਧ ਤੋਂ ਵੱਧ ਪਾਣੀ ਪੀਣਾ, ਹਫ਼ਤੇ ਵਿੱਚ ਘੱਟੋ ਘੱਟ ਇੱਕ ਵਾਰ ਹਲਦੀ ਵਾਲਾ ਦੁੱਧ ਪੀਣਾ ,ਚਾਹ ਦੀ ਵਰਤੋਂ ਬਹੁਤ ਘੱਟ ਕਰਨੀ,ਚੀਨੀ ਦੀ ਥਾਂ ਗੁੜ, ਸ਼ੱਕਰ ਜਾਂ ਫੇਰ ਦੇਸੀ ਖੰਡ ਦੀ ਵਰਤੋਂ ਕਰਨੀ, ਰਿਫਾਇੰਡ ਤੇਲ ਦੀ ਜਗ੍ਹਾ ਦੇਸੀ ਘਿਓ ਜਾਂ ਆਮ ਤੇਲ ਦੀ ਵਰਤੋਂ ਕਰਨੀ, ਫਾਸਟ ਫੂਡ ਜੰਕ ਫੂਡ ਕੋਲਡ ਡਰਿੰਕ ਆਦਿ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਆਦਿ ਦੱਸੇ ਗਏ ਅਤੇ ਧਿਆਨ ਇਕਾਗਰ ਕਰਨ ਲਈ ਪਦਮ ਆਸਣ ਅਤੇ ਹੋਰ ਬਹੁਤ ਸਾਰੇ ਆਸਣ ਕਰਨ ਲਈ ਦੱਸਿਆ ਗਿਆ। ਉਨ੍ਹਾਂ ਨਾਲ ਹੀ ਵਿਦਿਆਰਥੀਆਂ ਨੂੰ ਸਹਿਣਸ਼ੀਲਤਾ ਅਤੇ ਅਨੁਸ਼ਾਸਨ ਵਿੱਚ ਰਹਿਣ ਲਈ ਤਣਾਅ ਘੱਟ ਕਰਨ ਲਈ ਵੀ ਸਿੱਖਿਆ ਦਿੱਤੀ। ਇਸ ਕੈਂਪ ਵਿੱਚ ਸਕੂਲ ਪ੍ਰਿੰਸੀਪਲ, ਡੀ ਪੀ ਈ ਮਨਪ੍ਰੀਤ ਸਿੰਘ, ਮੈਡਮ ਭਾਵਨਾ ਅਤੇ ਸਮੂਹ ਵਿਦਿਆਰਥੀ ਸ਼ਾਮਿਲ ਸਨ।
ਮੈਰੀਟੋਰੀਅਸ ਸਕੂਲ ਵਿਦਿਆਰਥੀ ਆਕਾਸ਼ਦੀਪ ਸਿੰਘ (+2 ਡੀ) ਅਤੇ ਦੀਕਸ਼ਾ ਰਾਣੀ (+2ਬੀ) ਵੱਲੋਂ ਭਾਈ ਘਨੱਈਆ ਵੈਲਫੇਅਰ ਸੁਸਾਇਟੀ ਦਾ ਧੰਨਵਾਦ ਕੀਤਾ ਗਿਆ ਕਿ ਉਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਵਿਦਿਆਰਥੀਆਂ ਨੂੰ ਤੰਦਰੁਸਤ ਸਿਹਤ ਬਣਾਉਣ ਲਈ ਜਾਗਰੂਕ ਕੀਤਾ।






