ਸ਼੍ਰੀਨਗਰ, 19 ਅਪੈ੍ਰਲ- ਜੰਮੂ ਕਸ਼ਮੀਰ ਦੇ ਸਰਹੱਦੀ ਕੁਪਵਾੜਾ ਜ਼ਿਲ੍ਹੇ ਵਿੱਚ ਸੁਰੱਖਿਆ ਫ਼ੋਰਸਾਂ ਨੇ ਕੰਟਰੋਲ ਰੇਖਾ ਕੋਲ ਤਲਾਸ਼ੀ ਮੁਹਿੰਮ ਦੌਰਾਨ 10 ਪਿਸਤੌਲਾਂ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤੇ। ਅਧਿਕਾਰੀਆਂ ਨੇ ਇਹ ਸੂਚਨਾ ਦਿੱਤੀ। ਕੁਪਵਾੜਾ ਪੁਲੀਸ ਅਤੇ ਫ਼ੌਜ ਦੇ ਸਾਂਝੇ ਦਲ ਨੇ ਕੰਟਰੋਲ ਰੇਖ ਕੋਲ ਤਾੜ ਕਰਨਾਹ ਪਿੰਡ ਦੇ ਹਜਾਮ ਮੁਹੱਲਾ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਇਹ ਬਰਾਮਦਗੀ ਕੀਤੀ। ਕੁਪਵਾੜਾ ਦੇ ਸੀਨੀਅਰ ਪੁਲੀਸ ਸੁਪਰਡੈਂਟ ਯੁਗਲ ਮਨਹਾਸ ਨੇ ਦੱਸਿਆ ਕਿ ਕੰਟਰੋਲ ਰੇਖਾ ਦੇ ਪਾਰ ਤੋਂ ਭਾਰੀ ਮਾਤਰਾ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਦੀ ਇੱਕ ਵਿਸ਼ੇਸ਼ ਸੂਚਨਾ ਤੋਂ ਬਾਅਦ ਸਾਂਝੀ ਮੁਹਿੰਮ ਸ਼ੁਰੂ ਕੀਤੀ ਗਈ ਸੀ।
ਉਨ੍ਹਾਂ ਦੱਸਿਆ ਕਿ ਪੁਲੀਸ ਦੀ ਇੱਕ ਟੀਮ ਨੇ ਸਥਾਨਕ ਫ਼ੌਜ ਇਕਾਈ ਨਾਲ ਤਾੜ ਪੁਲਸ ਚੌਕੀ ਦੇ ਆਮ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਹਜਾਮ ਮੁਹੱਲਾ ਤੋਂ 10 ਪਿਸਤੌਲ, 17 ਪਿਸਤੌਲ ਮੈਗਜ਼ੀਨ, 54 ਪਿਸਤੌਲ ਰਾਊਂਡ ਅਤੇ 5 ਗ੍ਰੇਨੇਡ ਸਮੇਤ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ। ਐੱਸ. ਐੱਸ. ਪੀ. ਨੇ ਕਿਹਾ ਅਜਿਹਾ ਲੱਗਦਾ ਹੈ ਕਿ ਇਹ ਨਵੀਂ ਖੇਪ ਕਸ਼ਮੀਰ ਘਾਟੀ ਵਿੱਚ ਅੱਤਵਾਦੀ ਗਤੀਵਿਧੀਆਂ ਲਈ ਤਸਕਰੀ ਕਰ ਕੇ ਲਿਆਂਦੀ ਗਈ ਸੀ। ਉਨ੍ਹਾਂ ਕਿਹਾ ਕਿ ਪੁਲੀਸ ਅਤੇ ਫ਼ੌਜ ਦੀ ਸਮੇਂ ਤੇ ਕਾਰਵਾਈ ਨਾਲ ਸੁਰੱਖਿਆ ਫ਼ੋਰਸ ਘਾਟੀ ਵਿੱਚ ਅੱਤਵਾਦੀਆਂ ਦੇ ਹੱਥੋਂ ਨਿਰਦੋਸ਼ ਲੋਕਾਂ ਦੇ ਕਤਲ ਦੇ ਨਾਪਾਕ ਇਰਾਦਿਆਂ ਨੂੰ ਅਸਫ਼ਲ ਕਰਨ ਵਿੱਚ ਸਮਰੱਥ ਹੋਏ ਹਨ।






