ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਗੌਰੀਬਾਜ਼ਾਰ ਥਾਣਾ ਖੇਤਰ ਵਿੱਚ ਇੱਕ ਬੱਸ ਅਤੇ ਜੀਪ ਦੀ ਆਹਮੋ-ਸਾਹਮਣੇ ਹੋਈ ਟੱਕਰ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ ਅਤੇ 12 ਤੋਂ ਵੱਧ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਗੌਰੀਬਾਜ਼ਾਰ-ਰੁਦਰਪੁਰ ਰੋਡ ਤੇ ਗੌਰੀ ਬਾਜ਼ਾਰ ਥਾਣਾ ਖੇਤਰ ਦੇ ਅਧੀਨ ਆਉਂਦੇ ਇੰਦੂਪੁਰ ਪਿੰਡ ਨੇੜੇ ਬੀਤੀ ਰਾਤ ਕਰੀਬ 10.30 ਵਜੇ ਬੱਸ ਅਤੇ ਜੀਪ ਵਿਚਾਲੇ ਆਹਮੋ-ਸਾਹਮਣੇ ਟੱਕਰ ਹੋ ਗਈ। ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਸੜਕ ਹਾਦਸੇ ਵਿੱਚ ਜਾਨੀ ਨੁਕਸਾਨ ਤੇ ਡੂੰਘਾ ਸੋਗ ਜ਼ਾਹਰ ਕੀਤਾ ਹੈ।
ਮੁੱਖ ਮੰਤਰੀ ਨੇ ਟਵੀਟ ਕਰਕੇ ਮ੍ਰਿਤਕਾਂ ਦੇ ਦੁਖੀ ਪਰਿਵਾਰਾਂ ਨਾਲ ਹਮਦਰਦੀ ਜਤਾਈ ਅਤੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਸਹੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ। ਵਧੀਕ ਪੁਲੀਸ ਸੁਪਰਡੈਂਟ ਰਾਜੇਸ਼ ਸੋਨਕਰ ਨੇ ਦੱਸਿਆ ਕਿ ਕੁਸ਼ੀਨਗਰ ਜ਼ਿਲ੍ਹੇ ਦੇ ਕੋਹਰਾ ਪਿੰਡ ਦੇ ਵਾਸੀ ਵਿਆਹ ਤੋਂ ਪਹਿਲਾਂ ਤਿਲਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਰਾਤ ਨੂੰ ਰੁਦਰਪੁਰ ਦੇ ਰਾਏਸ਼ਰੀ ਪਿੰਡ ਤੋਂ ਵਾਪਸ ਆ ਰਹੇ ਸਨ ਜਦੋਂ ਉਨ੍ਹਾਂ ਦੀ ਜੀਪ ਅਤੇ ਬੱਸ ਦੀ ਟੱਕਰ ਹੋ ਗਈ। ਬੱਸ ਗੋਰਖਪੁਰ ਤੋਂ ਰੁਦਰਪੁਰ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਰਾਮਪ੍ਰਕਾਸ਼ ਸਿੰਘ, ਵਸ਼ਿਸ਼ਟ ਸਿੰਘ, ਜੋਖਨ ਸਿੰਘ, ਅੰਕੁਰ ਪਾਂਡੇ ਅਤੇ ਰਾਮਾਨੰਦ ਮੌਰਿਆ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ ਬੱਸ ਵਿੱਚ ਸਵਾਰ ਇੱਕ ਮ੍ਰਿਤਕ ਦੀ ਦੇਰ ਰਾਤ ਤੱਕ ਪਛਾਣ ਨਹੀਂ ਹੋ ਸਕੀ ਹੈ। ਵਧੀਕ ਪੁਲੀਸ ਸੁਪਰਡੈਂਟ ਨੇ ਦੱਸਿਆ ਕਿ 6 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਜਤਿੰਦਰ ਪ੍ਰਤਾਪ ਸਿੰਘ ਅਤੇ ਪੁਲੀਸ ਸੁਪਰਡੈਂਟ ਡਾ. ਸ਼੍ਰੀਮਤੀ ਮਿਸ਼ਰਾ ਦੇਰ ਰਾਤ ਜ਼ਿਲ੍ਹਾ ਹਸਪਤਾਲ ਪੁੱਜੇ ਅਤੇ ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਿਆ। ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਸਰਕਾਰ ਦੇ ਨਿਯਮਾਂ ਅਨੁਸਾਰ ਆਰਥਿਕ ਸਹਾਇਤਾ ਦਿੱਤੀ ਜਾਵੇਗੀ।






