ਭਾਜਪਾ ਦੀ ਮਹਿਲਾ ਮੋਰਚਾ ਪੰਜਾਬ ਦੀ ਜਨਰਲ ਸੈਕਟਰੀ ਅਮਿਕਾ ਬਜਾਜ ਨਾਲ ਬੀਤੀ ਰਾਤ ਕੁੱਟਮਾਰ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਵੱਲੋਂ ਸੋਨੇ ਦੀ ਚੇਨ ਖੋਹ ਲਈ ਗਈ। ਭਾਜਪਾ ਆਗੂ ਨੂੰ ਇਲਾਜ ਲਈ ਪਹਿਲਾਂ ਤਾਂ ਸੀਐੱਚਸੀ ਗੁਰੂਹਰਸਹਾਏ ਵਿਖੇ ਦਾਖ਼ਲ ਕਰਵਾਇਆ ਗਿਆ ਜਿਸ ਤੋਂ ਬਾਅਦ ਉਸ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਇਸ ਘਟਨਾ ਬਾਰੇ ਡੀਐੱਸਪੀ ਪ੍ਰਸ਼ੋਤਮ ਸਿੰਘ ਬੱਲ ਨੂੰ ਸੂਚਿਤ ਕਰਨ ਤੇ ਭਾਜਪਾ ਆਗੂ ਅਮਿਕਾ ਬਜਾਜ ਦੇ ਪੁਲਿਸ ਵੱਲੋਂ ਬਿਆਨ ਕਲਮਬੱਧ ਕਰ ਲਏ ਗਏ ਹਨ। ਖ਼ਬਰ ਲਿਖੇ ਜਾਣ ਤਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਸੀ।
ਭਾਜਪਾ ਆਗੂ ਅਮਿਕਾ ਬਜਾਜ ਨੇ ਦੱਸਿਆ ਕਿ ਉਹ ਬੀਤੀ ਰਾਤ ਨੂੰ ਜਦੋਂ ਸੈਰ ਕਰ ਰਹੀ ਸੀ ਤਾਂ ਚਾਰ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੇ ਗਲ ਵਿਚ ਪਾਈ ਸੋਨੇ ਦੀ ਚੈਨ ਖੋਹ ਕੇ ਲੈ ਗਏ। ਭਾਜਪਾ ਆਗੂ ਨੇ ਦੱਸਿਆ ਕਿ ਕੁੱਟਮਾਰ ਅਤੇ ਲੁੱਟ-ਖੋਹ ਕਰਨ ਵਾਲੇ ਵਿਅਕਤੀ ਸੋਨੂੰ ਉੱਪਰ ਕੋਈ ਵੀ ਕਾਰਵਾਈ ਕਰਨ ਤੇ ਇਸ ਤੋਂ ਵੀ ਬੁਰਾ ਹਸ਼ਰ ਕਰਨ ਦੀ ਧਮਕੀ ਦੇ ਕੇ ਗਏ ਹਨ। ਭਾਜਪਾ ਆਗੂ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਸੋਨੂੰ ਨਾਮਕ ਵਿਅਕਤੀ ਦਾ ਪੈਸੇ ਦੇ ਲੈਣ ਦੇਣ ਨੂੰ ਲੈਕੇ ਝਗੜਾ ਹੋ ਗਿਆ ਸੀ ਜਿਸ ਦੇ ਸਬੰਧ ਵਿਚ ਮੌਕੇ ਉੱਪਰ ਸੋਨੂੰ ਖ਼ਿਲਾਫ਼ ਥਾਣਾ ਗੁਰੂਹਰਸਹਾਏ ਵਿਖੇ ਸ਼ਿਕਾਇਤ ਦਿੱਤੀ ਗਈ ਸੀ ਜਿਸ ਸ਼ਿਕਾਇਤ ਉੱਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਉਸ ਸ਼ਿਕਾਇਤ ਦੀ ਇਵਜ਼ ਵਿਚ ਉਸ ਦੀ ਕੁੱਟਮਾਰ ਕੀਤੀ ਗਈ ਤੇ ਲੁੱਟਖੋਹ ਕੀਤੀ ਗਈ। ਹਲਕਾ ਗੁਰੂਹਰਸਹਾਏ ਦੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਭਾਜਪਾ ਦੀ ਮਹਿਲਾ ਆਗੂ ਨਾਲ ਕੁਟਮਾਰ ਕਰਕੇ ਲੁਟਖੋਹ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਤੁਰੰਤ ਕਰਨ ਦੀ ਮੰਗ ਕੀਤੀ ਹੈ ਤੇ ਬੁੱਧਵਾਰ ਤਕ ਕਾਰਵਾਈ ਨਾ ਕਰਨ ਤੇ ਵੀਰਵਾਰ ਨੂੰ ਗੁਰੂਹਰਸਹਾਏ ਪੁਲਿਸ ਵਿਰੁੱਧ ਧਰਨਾ ਲਗਾਉਣ ਦੀ ਚਿਤਾਵਨੀ ਵੀ ਦਿਤੀ ਹੈ।






