ਨਵੀਂ ਦਿੱਲੀ : ਕਾਂਗਰਸ ਸ਼ਨੀਵਾਰ ਨੂੰ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਸਕਦੀ ਹੈ। ਪਾਰਟੀ ਦੇ ਕਈ ਸੀਨੀਅਰ ਆਗੂ ਆਪਣੇ ਲਈ ਲਾਬਿੰਗ ਕਰ ਰਹੇ ਹਨ। ਕਾਂਗਰਸ ਦੇ ਅੱਠ ਰਾਜ ਸਭਾ ਸੀਟਾਂ ਜਿੱਤਣ ਦੀ ਉਮੀਦ ਹੈ। ਇਨ੍ਹਾਂ ‘ਚੋਂ ਜ਼ਿਆਦਾਤਰ ਸੀਟਾਂ ਰਾਜਸਥਾਨ ਅਤੇ ਛੱਤੀਸਗੜ੍ਹ ‘ਚ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਉਮੀਦਵਾਰਾਂ ‘ਤੇ ਵਿਚਾਰ ਕਰਨ ਲਈ ਵੀਡੀਓ ਕਾਨਫਰੰਸਿੰਗ ਰਾਹੀਂ ਪਾਰਟੀ ਨੇਤਾਵਾਂ ਨਾਲ ਸੰਪਰਕ ਕਰ ਰਹੇ ਹਨ। ਦੱਸ ਦੇਈਏ ਕਿ ਰਾਹੁਲ ਫਿਲਹਾਲ ਲੰਡਨ ‘ਚ ਹਨ।
ਇਨ੍ਹਾਂ ਆਗੂਆਂ ਦੇ ਨਾਵਾਂ ਦੀ ਚਰਚਾ
ਪਾਰਟੀ ਦੇ ਦਿੱਗਜ ਨੇਤਾਵਾਂ ਪੀ ਚਿਦੰਬਰਮ, ਗੁਲਾਮ ਨਬੀ ਆਜ਼ਾਦ, ਆਨੰਦ ਸ਼ਰਮਾ, ਵਿਵੇਕ ਟਾਂਖਾ, ਅਜੈ ਮਾਕਨ, ਰਾਜੀਵ ਸ਼ੁਕਲਾ, ਮੁਕੁਲ ਵਾਸਨਿਕ ਅਤੇ ਪ੍ਰਮੋਦ ਤਿਵਾਰੀ ਦੇ ਨਾਵਾਂ ਦੀ ਚਰਚਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਕਾਂਗਰਸ ਸਥਾਨਕ ਆਗੂਆਂ ਅਤੇ ਘੱਟ ਗਿਣਤੀ ਚਿਹਰਿਆਂ ਨੂੰ ਮੈਦਾਨ ਵਿਚ ਉਤਾਰਨ ‘ਤੇ ਵਿਚਾਰ ਕਰ ਰਹੀ ਹੈ।
ਰਾਜਸਥਾਨ ‘ਚ ਤਿੰਨ ਸੀਟਾਂ ਮਿਲ ਸਕਦੀਆਂ
ਦਰਅਸਲ, ਕਾਂਗਰਸ ਨੂੰ ਅੱਠ ਰਾਜ ਸਭਾ ਸੀਟਾਂ ਜਿੱਤਣ ਦੀ ਉਮੀਦ ਹੈ, ਮੁੱਖ ਤੌਰ ‘ਤੇ ਰਾਜਸਥਾਨ ਅਤੇ ਛੱਤੀਸਗੜ੍ਹ ਤੋਂ। ਕਾਂਗਰਸ ਨੇ ਰਾਜਸਥਾਨ ‘ਚ ਰਾਜ ਸਭਾ ਦੀਆਂ ਤਿੰਨ ਸੀਟਾਂ ‘ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ, ਜਦਕਿ ਪਾਰਟੀ ਨੂੰ ਇਕ ਸੀਟ ਜਿੱਤਣ ਲਈ ਗੈਰ-ਭਾਜਪਾ ਵਿਧਾਇਕਾਂ ਦੇ ਸਮਰਥਨ ‘ਤੇ ਭਰੋਸਾ ਕਰਨਾ ਪੈ ਸਕਦਾ ਹੈ।
ਕਾਂਗਰਸ ਦੀ ਵੀ ਇਨ੍ਹਾਂ ਸੂਬਿਆਂ ‘ਤੇ ਨਜ਼ਰ
ਖ਼ਾਸ ਤੌਰ ‘ਤੇ ਰਾਜਸਥਾਨ ‘ਚ ਵੀ ਤਿੰਨ ਸੂਤਰੀ ਫਾਰਮੂਲਾ ਅਪਣਾਇਆ ਗਿਆ ਹੈ, ਜਿਸ ਤਹਿਤ ਘੱਟ ਗਿਣਤੀ ਅਤੇ ਸਥਾਨਕ ਚਿਹਰਿਆਂ ਨੂੰ ਤਰਜੀਹ ਦਿੰਦੇ ਹੋਏ ਕਿਸੇ ਵੀ ਵਿਧਾਇਕ ਨੂੰ ਰਾਜ ਸਭਾ ਲਈ ਨਾਮਜ਼ਦ ਕਰਨ ‘ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਛੱਤੀਸਗੜ੍ਹ ਵਿੱਚ ਕਾਂਗਰਸ ਨੂੰ ਰਾਜ ਸਭਾ ਦੀਆਂ ਦੋ ਸੀਟਾਂ ਮਿਲਣ ਦਾ ਭਰੋਸਾ ਹੈ। ਇਸ ਤੋਂ ਇਲਾਵਾ ਪਾਰਟੀ ਨੂੰ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ ਅਤੇ ਮੱਧ ਪ੍ਰਦੇਸ਼ ਤੋਂ ਇਕ-ਇਕ ਸੀਟ ਜਿੱਤਣ ਦੀ ਉਮੀਦ ਹੈ।
ਝਾਰਖੰਡ ‘ਚ ਕਾਂਗਰਸ ਨੂੰ ਝਟਕਾ
ਇਸ ਦੇ ਨਾਲ ਹੀ ਕਾਂਗਰਸ ਝਾਰਖੰਡ ਤੋਂ ਵੀ ਸੀਟ ਦੀ ਉਮੀਦ ਕਰ ਰਹੀ ਹੈ, ਜਿੱਥੇ ਉਹ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਨਾਲ ਗੱਠਜੋੜ ਕਰ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਜੇਐਮਐਮ ਮੁਖੀ ਅਤੇ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਅੱਜ ਰਾਂਚੀ ਵਿੱਚ ਆਪਣੀ ਪਾਰਟੀ ਦੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਉਹ ਕਾਂਗਰਸ ਨੂੰ ਸੀਟ ਦੇਣ ਦੇ ਇੱਛੁਕ ਨਹੀਂ ਹਨ। ਕਾਂਗਰਸ ਸ਼ਨੀਵਾਰ ਸ਼ਾਮ ਤੱਕ ਰਾਜ ਸਭਾ ਲਈ ਆਪਣੇ ਉਮੀਦਵਾਰਾਂ ਨੂੰ ਅੰਤਿਮ ਰੂਪ ਦੇ ਸਕਦੀ ਹੈ।






