ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਜਾਂਚ ਕਰਵਾਈ ਜਾਵੇਗੀ ਤੇ ਇਹ ਵੀ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਾਂਚ ਵਿੱਚ ਪੂਰਾ ਸਹਿਯੋਗ ਕਰੇਗੀ ਤੇ DGP ਤੋਂ ਵੀ ਬਿਆਨ ‘ਤੇ ਸਪਸ਼ਟੀਕਰਨ ਮੰਗਿਆ ਹੈ। ਇਸਦੇ ਨਾਲ ਹੀ ਸੁਰੱਖਿਆ ਘਟਾਉਣ ਦੇ ਫੈਸਲੇ ‘ਤੇ ਵੀ ਜਾਂਚ ਦੇ ਹੁਕਮ ਦਿੱਤੇ ਗਏ ਹਨ।
ਸਿੱਧੂ ਮੂਸੇਵਾਲਾ ਦੇ ਪਿਤਾ ਦੀ 4 ਵੱਡੀਆਂ ਮੰਗਾਂ
1. ਕੇਸ ਦੀ ਜਾਂਚ ਹਾਈਕਰੋਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ
2. ਪੰਜਾਬ ਸਰਕਾਰ CBI ਅਤੇ NIA ਦੇ ਸਹਿਯੋਗ ਨੂੰ ਯਕੀਨੀ ਬਣਾਵੇ
3, ਸੁਰੱਖਿਆ ਦੀ ਸਮੀਖਿਆ ਤੇ ਆਰਡਰ ਜਨਤਕ ਕਰਨ ਵਾਲੇ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਵੇ
4. ਮੌਤ ਨੂੰ ਗੈਂਗਵਾਰ ਨਾਲ ਜੋੜਣ ਵਾਲੇ DGP ਪੰਜਾਬ ਜਨਤਕ ਤੌਰ ‘ਤੇ ਮਾਫ਼ੀ ਮੰਗਣ
FIR ‘ਚ ਮੂਸੇਵਾਲਾ ਦੇ ਪਿਤਾ ਦਾ ਬਿਆਨ….
-ਮੇਰੇ ਬੇਟੇ ਨੂੰ ਕਈ ਗੈਂਗਸਟਰ ਫਿਰੌਤੀ ਲਈ ਫੋਨ ਕਰ ਕੇ ਧਮਕੀਆਂ ਦਿੰਦੇ ਸਨ।
-ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਉਸ ਨੂੰ ਕਈ ਵਾਰ ਧਮਕੀਆਂ ਭੇਜੀਆਂ।
-ਇਸੇ ਲਈ ਉਸਨੇ ਬੁਲੇਟ ਪਰੂਫ਼ ਫਾਰਚੂਨਰ ਗੱਡੀ ਵੀ ਰੱਖੀ ਹੋਈ ਸੀ।
-ਐਤਵਾਰ ਨੂੰ ਮੇਰਾ ਬੇਟਾ ਆਪਣੇ ਦੋ ਦੋਸਤਾਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੇ ਨਾਲ ਥਾਰ ਕਾਰ ‘ਚ ਘਰੋਂ ਨਿਕਲਿਆ ਸੀ।
-ਬੁਲੇਟ ਪਰੂਫ ਫਾਰਚੂਨਰ ਕਾਰ ਅਤੇ ਗੰਨਮੈਨ ਆਪਣੇ ਨਾਲ ਨਹੀਂ ਲੈ ਕੇ ਗਿਆ।
-ਮੈਂ ਉਸਦੇ ਪਿੱਛੇ-ਪਿੱਛੇ ਉਸਦੇ ਸਰਕਾਰੀ ਗੰਨਮੈਨ ਲੈ ਕੇ ਦੂਜੀ ਕਾਰ ਵਿੱਚ ਗਿਆ ਸੀ।
-ਰਸਤੇ ਵਿੱਚ ਮੈਂ ਇੱਕ ਕੋਰੋਲਾ ਕਾਰ ਨੂੰ ਮੇਰੇ ਬੇਟੇ ਦੀ ਥਾਰ ਕਾਰ ਦਾ ਪਿੱਛਾ ਕਰਦੇ ਦੇਖਿਆ, ਜਿਸ ਵਿੱਚ ਚਾਰ ਨੌਜਵਾਨ ਸਵਾਰ ਸੀ।
-ਮੇਰੇ ਲੜਕੇ ਦੀ ਥਾਰ ਕਾਰ ਜਦੋਂ ਜਵਾਹਰਕੇ ਪਿੰਡ ਦੀ ਫਿਰਨੀ ਦੇ ਕੋਲ ਪਹੁੰਚੀ।ਤਾਂ ਉੱਥੇ ਇੱਕ ਚਿੱਟੇ ਰੰਗ ਦੀ ਬੋਲੈਰੋ ਕਾਰ ਪਹਿਲਾਂ ਤੋਂ ਖੜ੍ਹੀ ਇੰਤਜ਼ਾਰ ਕਰ ਰਹੀ ਸੀ। ਉਸਦੇ ਵਿੱਚ ਚਾਰ ਨੌਜਵਾਨ ਬੈਠੇ ਹੋਏ ਸੀ। ਜਿਵੇਂ ਹੀ ਮੇਰੇ ਲੜਕੇ ਦੀ ਥਾਰ ਕਾਰ ਬੋਲੈਰੋ ਕਾਰ ਦੇ ਸਾਹਮਣੇ ਪਹੁੰਚੀ ਤਾਂ ਚਾਰੇ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ।
-ਕੁਝ ਹੀ ਮਿੰਟਾਂ ‘ਚ ਗੋਲੀ ਚਲਾਉਣ ਤੋਂ ਬਾਅਦ ਉਹ ਬੋਲੈਰੋ ਕਾਰ ਅਤੇ ਕੋਰੋਲਾ ਕਾਰ ਲੈ ਕੇ ਉਥੋਂ ਫਰਾਰ ਹੋ ਗਏ।ਜਦੋਂ ਮੈਂ ਮੌਕੇ ‘ਤੇ ਪਹੁੰਚ ਕੇ ਰੌਲਾ ਪਾਇਆ ਤਾਂ ਆਸਪਾਸ ਦੇ ਲੋਕ ਇਕੱਠੇ ਹੋ ਗਏ।
-ਮੈਂ ਆਪਣੇ ਬੇਟੇ ਅਤੇ ਉਸਦੇ ਦੋਸਤਾਂ ਨੂੰ ਕਾਰ ਵਿੱਚ ਬਿਠਾ ਕੇ ਮਾਨਸਾ ਦੇ ਸਰਕਾਰੀ ਹਸਪਤਾਲ ਲੈ ਗਿਆ…
ਜਿੱਥੇ ਮੇਰੇ ਬੇਟੇ ਸ਼ੁਭਦੀਪ ਸਿੰਘ ਦੀ ਮੌਤ ਹੋ ਗਈ।
ਮੂਸੇਵਾਲਾ ਮਾਮਲੇ ‘ਤੇ DGP ਵੀ.ਕੇ. ਭਾਵਰਾ ਦਾ ਸਪੱਸ਼ਟੀਕਰਨ
DGP ਵੀ.ਕੇ. ਭਾਵਰਾ ਨੇ ਕਿਹਾ ਕਿ ‘ਮੈਂ ਨਹੀਂ ਕਿਹਾ ਕਿ ਮੂਸੇਵਾਲਾ ਗੈਂਗਸਟਰ ਹੈ ਜਾਂ ਗੈਂਗਸਟਰਾਂ ਨਾਲ ਜੁੜਿਆ।
ਮੇਰੇ ਬਿਆਨ ਦਾ ਗਲਤ ਹਵਾਲਾ ਦਿੱਤਾ ਗਿਆ। ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਾਂਗੇ। ਮੂਸੇਵਾਲਾ ਲਈ ਸਤਿਕਾਰ ਰੱਖਦਾ ਹਾਂ। ‘






