ਸਿੱਧੂ ਮੂਸੇਵਾਲਾ ਕਤਲ ਕੇਸ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ, ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਵੀਕੇ ਭਾਵਰਾ ਨੇ ਅੱਜ ਏਡੀਜੀਪੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (SIT) ਨੂੰ ਮਜ਼ਬੂਤ ਅਤੇ ਪੁਨਰਗਠਿਤ ਕੀਤਾ।
ਹੁਣ, ਛੇ ਮੈਂਬਰੀ ਐਸਆਈਟੀ ਵਿੱਚ ਨਵਾਂ ਚੇਅਰਮੈਨ ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਪੀਏਪੀ ਜਸਕਰਨ ਸਿੰਘ ਅਤੇ ਦੋ ਨਵੇਂ ਮੈਂਬਰਾਂ ਵਿੱਚ ਏਆਈਜੀ ਏਜੀਟੀਐਫ ਗੁਰਮੀਤ ਸਿੰਘ ਚੌਹਾਨ ਅਤੇ ਐਸਐਸਪੀ ਮਾਨਸਾ ਗੌਰਵ ਤੂਰਾ ਸ਼ਾਮਲ ਹੋਣਗੇ। ਜਦਕਿ ਐਸਪੀ ਇਨਵੈਸਟੀਗੇਸ਼ਨ ਮਾਨਸਾ ਧਰਮਵੀਰ ਸਿੰਘ, ਡੀਐਸਪੀ ਇਨਵੈਸਟੀਗੇਸ਼ਨ ਬਠਿੰਡਾ ਵਿਸ਼ਵਜੀਤ ਸਿੰਘ ਅਤੇ ਇੰਚਾਰਜ ਸੀਆਈਏ ਮਾਨਸਾ ਪ੍ਰਿਥੀਪਾਲ ਸਿੰਘ ਮੌਜੂਦਾ ਤਿੰਨ ਮੈਂਬਰ ਹਨ।
ਆਪਣੇ ਤਾਜ਼ਾ ਹੁਕਮਾਂ ਵਿੱਚ, ਡੀਜੀਪੀ ਨੇ ਕਿਹਾ ਕਿ ਐਸਆਈਟੀ ਰੋਜ਼ਾਨਾ ਆਧਾਰ ‘ਤੇ ਜਾਂਚ ਕਰੇਗੀ, ਇਸ ਘਿਨਾਉਣੇ ਅਪਰਾਧ ਦੇ ਦੋਸ਼ੀਆਂ ਨੂੰ ਗਿ੍ਫਤਾਰ ਕਰੇਗੀ ਅਤੇ ਜਾਂਚ ਪੂਰੀ ਹੋਣ ‘ਤੇ, ਸੀਆਰਪੀਸੀ ਦੀ ਧਾਰਾ 173 ਦੇ ਤਹਿਤ ਪੁਲਿਸ ਰਿਪੋਰਟ ਅਧਿਕਾਰ ਖੇਤਰ ਦੀ ਸਮਰੱਥ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ। ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਲੋੜ ਪੈਣ ਤੇ ਐਸਆਈਟੀ ਕਿਸੇ ਹੋਰ ਪੁਲਿਸ ਅਧਿਕਾਰੀ ਦੀ ਚੋਣ ਕਰ ਸਕਦੀ ਹੈ ਅਤੇ ਡੀਜੀਪੀ ਦੀ ਪ੍ਰਵਾਨਗੀ ਨਾਲ ਕਿਸੇ ਵੀ ਮਾਹਰ/ਅਧਿਕਾਰੀ ਦੀ ਸਹਾਇਤਾ ਲੈ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਜੋ ਕਿ ਐਤਵਾਰ ਸਾਮ 4:30 ਵਜੇ ਦੇ ਕਰੀਬ ਆਪਣੇ ਦੋ ਸਾਥੀਆਂ ਗੁਰਵਿੰਦਰ ਸਿੰਘ (ਗੁਆਂਢੀ) ਅਤੇ ਗੁਰਪ੍ਰੀਤ ਸਿੰਘ (ਚਚੇਰੇ ਭਰਾ) ਨਾਲ ਘਰੋਂ ਨਿਕਲਿਆ ਸੀ, ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਦੱਸਣਯੋਗ ਹੈ ਕਿ, ਆਈਪੀਸੀ ਦੀਆਂ ਧਾਰਾਵਾਂ 302, 307, 341, 148, 149 ਅਤੇ 120-ਬੀ ਅਤੇ ਅਸਲਾ ਐਕਟ ਦੀਆਂ ਧਾਰਾਵਾਂ 25,27/54/59 ਤਹਿਤ ਐਫਆਈਆਰ ਨੰ.103 ਮਿਤੀ 29-05-2022 ਨੂੰ ਥਾਣਾ ਸਿਟੀ-1 ਮਾਨਸਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।






