ਬਹਿਰਾਇਚ- ਉੱਤਰ ਪ੍ਰਦੇਸ਼ ਦੇ ਬਹਿਰਾਇਚ ਜ਼ਿਲੇ ‘ਚ ਸਥਿਤ ਇਕ ਮਸਜਿਦ ‘ਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਇੱਥੇ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਮਸਜਿਦ ਦੀ ਛੱਤ ਡਿੱਗ ਗਈ। ਛੱਤ ਦੇ ਮਲਬੇ ਹੇਠ ਦੱਬਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ ਅੱਠ ਲੋਕ ਜ਼ਖਮੀ ਹੋ ਗਏ। ਸਾਰੇ 8 ਗੰਭੀਰ ਜ਼ਖਮੀ ਨਮਾਜ਼ੀਆਂ ਨੂੰ ਬਿਹਤਰ ਇਲਾਜ ਲਈ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਬਹਿਰਾਇਚ ਜ਼ਿਲੇ ਦੇ ਨਾਨਪਾੜਾ ਕੋਤਵਾਲੀ ਖੇਤਰ ‘ਚ ਪੈਂਦੇ ਖੈਰੀ ਪੁਰਵਾ ਪਿੰਡ ‘ਚ ਸਥਿਤ ਇਹ ਮਸਜਿਦ ਕਾਫੀ ਪੁਰਾਣੀ ਸੀ, ਜਿਸ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਇੱਥੇ ਕੁਝ ਦਿਨ ਪਹਿਲਾਂ ਹੀ ਛੱਤ ਪਾਈ ਗਈ ਸੀ, ਜੋ ਸ਼ੁੱਕਰਵਾਰ ਨੂੰ ਨਮਾਜ਼ ਦੌਰਾਨ ਹੀ ਡਿੱਗ ਗਈ ਸੀ। ਘਟਨਾ ਦੇ ਸਮੇਂ ਪਿੰਡ ਦੇ ਕਰੀਬ 10 ਲੋਕ ਸ਼ੁੱਕਰਵਾਰ ਦੀ ਨਮਾਜ਼ ਅਦਾ ਕਰ ਰਹੇ ਸਨ। ਨਮਾਜ਼ ਦੌਰਾਨ ਹੀ ਨਵੀਂ ਬਣੀ ਛੱਤ ਡਿੱਗ ਗਈ, ਜਿਸ ਵਿਚ ਸਾਰੇ ਲੋਕ ਦੱਬ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਆਸਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਮਲਬੇ ਹੇਠ ਦੱਬੇ ਲੋਕਾਂ ਨੂੰ ਬਾਹਰ ਕੱਢਿਆ।
ਇਸ ਹਾਦਸੇ ‘ਚ ਮੁਸਲਿਮ ਖਾਨ ਨਾਂ ਦੇ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜਦਕਿ ਅੱਠ ਹੋਰਾਂ ਦਾ ਇਲਾਜ ਬਹਿਰਾਇਚ ਜ਼ਿਲ੍ਹਾ ਹੈੱਡਕੁਆਰਟਰ ਸਥਿਤ ਮੈਡੀਕਲ ਕਾਲਜ ਵਿੱਚ ਚੱਲ ਰਿਹਾ ਹੈ। ਸੂਚਨਾ ਤੋਂ ਬਾਅਦ ਨਾਨਪਾੜਾ ਦੇ ਸਰਕਲ ਅਫ਼ਸਰ ਡਾ: ਜੰਗ ਬਹਾਦਰ ਯਾਦਵ ਨੇ ਮੌਕੇ ‘ਤੇ ਜਾ ਕੇ ਪੀੜਤ ਪਰਿਵਾਰ ਨੂੰ ਦਿਲਾਸਾ ਦਿੱਤਾ |






