ਸੰਗਰੂਰ ਜ਼ਿਮਨੀ ਚੋਣ ਲਈ ਸਿਆਸੀ ਸਰਗਰਮੀਆਂ ਨੇ ਜ਼ੋਰ ਫੜ ਲਿਆ ਹੈ। ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਅਕਾਲੀ ਦਲ ਅੰਮ੍ਰਿਤਸਰ ਤੋਂ ਬਾਅਦ ਹੁਣ ਭਾਜਪਾ ਨੇ ਆਪਣਾ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਦੀ ਤਿਆਰੀ ਕਰ ਲਈ ਹੈ।
ਸੂਤਰਾਂ ਦੇ ਹਵਾਲੇ ਨਾਲ ਖਬਰ ਆਈ ਹੈ ਕਿ ਅਜੇ ਕੱਲ੍ਹ ਹੀ ਭਾਜਪਾ ਵਿਚ ਸ਼ਾਮਲ ਹੋਏ ਕੇਵਲ ਸਿੰਘ ਢਿੱਲੋਂ ਨੂੰ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਬਣਾਇਆ ਜਾ ਸਕਦਾ ਹੈ।
ਇਹ ਵੀ ਚਰਚਾ ਹੈ ਕਿ ਪਾਰਟੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਕੱਲ੍ਹ ਨੂੰ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਲਈ ਸੰਗਰੂਰ ਆ ਰਹੇ ਹਨ। ਹਾਲਾਂਕਿ ਪਾਰਟੀ ਆਗੂ ਇਸ ਬਾਰੇ ਕੁਝ ਕਹਿਣ ਤੋਂ ਟਾਲਾ ਵੱਟ ਰਹੇ ਹਨ ਪਰ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਉਮੀਦਵਾਰ ਦਾ ਨਾਮ ਤੈਅ ਕਰ ਲਿਆ ਹੈ ਤੇ ਹੁਣ ਸਿਰਫ ਰਸਮੀ ਐਲਾਨ ਹੀ ਬਾਕੀ ਬਾਕੀ ਹੈ।
ਦੱਸ ਦਈਏ ਕਿ ਕੱਲ੍ਹ ਕਾਂਗਰਸ ਦੇ ਮੰਤਰੀ ਰਹੇ ਬਲਬੀਰ ਸਿੰਘ ਸਿੱਧੂ, ਗੁਰਪ੍ਰੀਤ ਸਿੰਘ ਕਾਂਗੜ, ਸ਼ਾਮ ਸੁੰਦਰ ਅਰੋੜਾ, ਡਾ. ਰਾਜ ਕੁਮਾਰ ਵੇਰਕਾ, ਕੇਵਲ ਸਿੰਘ ਢਿੱਲੋਂ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਉਰਫ਼ ਜੀਤੀ ਸਿੱਧੂ, ਅਕਾਲੀ ਦਲ ਦੀ ਸਾਬਕਾ ਮੰਤਰੀ ਮਹਿੰਦਰ ਕੌਰ ਜੋਸ਼ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਭਾਜਪਾ ਵਿੱਚ ਸ਼ਾਮਲ ਹੋਏ ਸਨ।
ਅਕਾਲੀ ਦਲ ਨੇ ਫਾਂਸੀ ਦੇ ਸਜ਼ਾਯਾਫ਼ਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਾਰਟੀ ਦੇ ਪ੍ਰਧਾਨ ਮਿਸਰਨਜੀਤ ਮਾਨ ਚੋਣ ਮੈਦਾਨ ਵਿਚ ਹਨ।






