ਪੰਜਾਬ ‘ਚ ਲਗਾਤਾਰ ਹੋ ਰਹੀਆਂ ਅੱਤਵਾਦੀ ਘਟਨਾਵਾਂ ਅਤੇ ਗੈਂਗਵਾਰ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ ਹੈ। ਦੂਜੇ ਪਾਸੇ ਘੱਲੂਘਾਰਾ ਹਫ਼ਤਾ ਚੱਲ ਰਿਹਾ ਹੈ। ਇਸ ਦੌਰਾਨ ਕਾਊਂਟਰ ਇੰਟੈਲੀਜੈਂਸ ਸੀਆਈਡੀ ਨੇ ਸਰਕਾਰ ਨੂੰ ਇਨਪੁਟ ਦਿੱਤਾ ਹੈ ਕਿ ਪੰਜਾਬ ‘ਚ ਇਕ ਵਾਰ ਫਿਰ ਸਰਕਾਰੀ ਇਮਾਰਤਾਂ ‘ਤੇ ਹਮਲਾ ਹੋ ਸਕਦਾ ਹੈ। ਇਸ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੇ ਲਈ ਪੁਲਿਸ ਨੇ ਪੁਖਤਾ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਪੁਲਿਸ ਦੀਆਂ ਵਿਸ਼ੇਸ਼ ਟੀਮਾਂ ਦਾ ਗਠਨ ਯੋਜਨਾਬੱਧ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ਇਮਾਰਤਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਲੁਧਿਆਣਾ ਨੂੰ ਨਿਸ਼ਾਨਾ ਬਣਾਉਣਾ ਆਸਾਨ ਹੈ, ਇਸ ਲਈ ਇੱਥੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ।
ਸਰਕਾਰੀ ਇਮਾਰਤਾਂ ਤੋਂ ਇਲਾਵਾ ਰੇਲਵੇ ਸਟੇਸ਼ਨ, ਬੱਸ ਸਟੈਂਡ, ਪੀਏਯੂ ਸਮੇਤ ਹੋਰ ਵੱਡੇ ਅਦਾਰਿਆਂ ‘ਚ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਪੁਲਿਸ ਵੱਲੋਂ ਭੀੜ ਵਾਲੇ ਇਲਾਕਿਆਂ ਘੁਮਾਰ ਮੰਡੀ, ਚੌੜਾ ਬਾਜ਼ਾਰ ਤੇ ਕ੍ਰਿਪਸ ਬਾਜ਼ਾਰ ‘ਚ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਹੈ | ਇੱਥੇ ਪੁਲਿਸ ਵੱਲੋਂ ਪੱਕਾ ਨਾਕਾਬੰਦੀ ਕਰ ਦਿੱਤੀ ਗਈ ਹੈ ਤੇ 24 ਘੰਟੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਦੇ ਉੱਚ ਅਧਿਕਾਰੀ ਲਗਾਤਾਰ ਉਨ੍ਹਾਂ ਲੋਕਾਂ ਦੇ ਘਰਾਂ ਦਾ ਦੌਰਾ ਕਰ ਰਹੇ ਹਨ ਜੋ ਕਿਸੇ ਨਾ ਕਿਸੇ ਰੂਪ ‘ਚ ਗਰਮ ਖਿਆਲੀਆਂ ਦੇ ਸੰਪਰਕ ‘ਚ ਰਹੇ ਹਨ।
ਪੁਲਿਸ ਹੈੱਡਕੁਆਰਟਰ ਸਮੇਤ ਹੋਰ ਥਾਵਾਂ ’ਤੇ ਬਣਾਏ ਬੰਕਰ
ਪੁਲਿਸ ਵੱਲੋਂ ਜ਼ਿਲ੍ਹਾ ਪੁਲਿਸ ਹੈੱਡਕੁਆਰਟਰ ਦੇ ਮੁੱਖ ਗੇਟ ਭਾਵ ਸੀਪੀ ਦਫ਼ਤਰ ਦੇ ਅੰਦਰ ਬੰਕਰ ਬਣਾਏ ਗਏ ਹਨ। ਇਸ ਤੋਂ ਇਲਾਵਾ ਸਾਰੇ ਥਾਣਿਆਂ ਅਤੇ ਹੋਰ ਦਫ਼ਤਰਾਂ ‘ਚ ਇਹ ਬੰਕਰ ਬਣਾਉਣ ਦਾ ਕੰਮ ਵੀ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਸਰਕਾਰੀ ਇਮਾਰਤਾਂ ਦੀਆਂ ਛੱਤਾਂ ‘ਤੇ ਵੀ ਇਹ ਬੰਕਰ ਬਣਾਉਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੀਪੀ ਖ਼ੁਦ ਪੁਲਿਸ ਕਮਿਸ਼ਨਰੇਟ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਨਜ਼ਰ ਰੱਖ ਰਹੇ ਹਨ ਤੇ ਇਸ ਸਬੰਧੀ ਲਾਅ ਐਂਡ ਆਰਡਰ ਡੀਸੀਪੀ ਤੇ ਡੀਸੀਪੀ ਸੁਰੱਖਿਆ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ।
ਲੁਧਿਆਣਾ ‘ਚ ਪਹਿਲਾਂ ਵੀ ਹੋ ਚੁੱਕੇ ਹਨ ਅੱਤਵਾਦੀ ਹਮਲੇ
ਇਸ ਤੋਂ ਪਹਿਲਾਂ ਵੀ ਸ਼ਹਿਰ ‘ਚ ਅੱਤਵਾਦੀ ਹਮਲੇ ਹੋ ਚੁੱਕੇ ਹਨ। ਇੱਥੇ ਸ਼ਿੰਗਾਰ ਸਿਨੇਮਾ ਬੰਬ ਧਮਾਕਾ, ਟਾਰਗੇਟ ਕਿਲਿੰਗ ਤੇ ਅਦਾਲਤੀ ਕੰਪਲੈਕਸ ‘ਚ ਧਮਾਕਾ ਅਜਿਹੇ ਅਹਿਮ ਮਾਮਲੇ ਹਨ, ਜਿਨ੍ਹਾਂ ਦੀ ਜਾਂਚ ਕੌਮੀ ਜਾਂਚ ਏਜੰਸੀ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਪੁਲਿਸ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਛੱਡਣਾ ਚਾਹੁੰਦੀ ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਹਰ ਰੋਜ਼ 5 ਲੱਖ ਦੇ ਕਰੀਬ ਲੋਕ ਲੁਧਿਆਣਾ ‘ਚ ਕੰਮ ਲਈ ਆਉਂਦੇ ਹਨ ਅਤੇ ਵਾਪਸ ਚਲੇ ਜਾਂਦੇ ਹਨ।






