ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਤੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਜੇਲ੍ਹ ਵਿਚ ਗੰਭੀਰ ਖ਼ਤਰਾ ਹੈ ਅਤੇ ਏਡੀਜੀਪੀ ਹਰਪ੍ਰੀਤ ਸਿੱਧੂ ਦੀ ਨਿਯੁਕਤੀ ਮਜੀਠੀਆ ਨੂੰ ਇਕ ਹੋਰ ਝੂਠੇ ਕੇਸ ਵਿਚ ਫਸਾਉਣ ਲਈ ਕੀਤੀ ਗਈ ਹੈ।ਮਜੀਠੀਆ ਦੀ ਪਤਨੀ ਤੇ ਵਿਧਾਇਕ ਗਨੀਵ ਕੌਰ ਮਜੀਠੀਆ ਵੱਲੋਂ ਡੀਜੀਪੀ ਪੰਜਾਬ ਤੇ ਮੁੱਖ ਮੰਤਰੀ ਨੂੰ ਭੇਜੇ ਪੱਤਰ ਦਾ ਹਵਾਲਾ ਦਿੰਦਿਆਂ ਗਰੇਵਾਲ ਅਤੇ ਡਾ. ਚੀਮਾ ਨੇ ਹਰਪ੍ਰੀਤ ਸਿੰਘ ਸਿੱਧੂ ਨੂੰ ਏਜੀਡੀਪੀ ਜੇਲ੍ਹਾਂ ਦੇ ਅਹੁਦੇ ਤੋਂ ਤੁਰੰਤ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਕਿ ਹਰਪ੍ਰੀਤ ਸਿੱਧੂ ਦੀ ਨਿਯੁਕਤੀ ਇਸ ਵਾਸਤੇ ਕੀਤੀ ਗਈ ਕਿ ਮਜੀਠੀਆ ‘ਤੇ ਝੂਠੀ ਬਰਾਮਦਗੀ ਪਾਈ ਜਾ ਸਕੇ। ਅਕਾਲੀ ਆਗੂਆਂ ਨੇ ਕਿਹਾ ਕਿ ਮਜੀਠੀਆ ਤੇ ਹਰਪ੍ਰੀਤ ਸਿੱਧੂ ਦੇ ਪਰਿਵਾਰਾਂ ਵਿਚ ਕਾਫੀ ਦੁਸ਼ਮਣੀ ਬਣੀ ਹੋਈ ਹੈ। ਸਿੱਧੂ ਸਾਬਕਾ ਮੰਤਰੀ ਨਾਲ ਕਿੜਾਂ ਕੱਢਣ ਵਾਸਤੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ।
ਅਕਾਲੀ ਆਗੂਆਂ ਨੇ ਕਿਹਾ ਕਿ ਏਡੀਜੀਪੀ ਨੇ ਅੰਮਿ੍ਤਸਰ ਵਿਚ ਆਪਣੇ ਸੰਪਰਕਾਂ ਰਾਹੀਂ ਮਜੀਠੀਆ ਦੇ ਸਿਆਸੀ ਵਿਰੋਧੀ ਅਮਰਪਾਲ ਸਿੰਘ ਬੋਨੀ ਅਜਨਾਲਾ ਨੂੰ ਨਸ਼ਿਆਂ ਦੇ ਕੇਸਾਂ ਵਿਚ ਗਵਾਹ ਬਣਾ ਲਿਆ ਜਿਸ ਨੇ ਹਾਈ ਕੋਰਟ ਵਿਚ ਝੂਠੀ ਤੇ ਆਧਾਰਹੀਣ ਪਟੀਸ਼ਨ ਦਾਇਰ ਕੀਤੀ ਤਾਂ ਜੋ ਮਜੀਠੀਆ ਦੀ ਰੈਗੂਲਰ ਜ਼ਮਾਨਤ ਅਰਜ਼ੀ ਰੋਕੀ ਜਾ ਸਕੇ।
ਗਰੇਵਾਲ ਤੇ ਡਾ. ਚੀਮਾ ਨੇ ਦੱਸਿਆ ਕਿ ਇਹ ਵੀ ਇਕ ਸੱਚਾਈ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਮਜੀਠੀਆ ਖ਼ਿਲਾਫ਼ ਨਸ਼ਿਆਂ ਦੇ ਮਾਮਲੇ ਵਿਚ ਝੂਠੇ ਦੋਸ਼ ਲਾਉਣ ਲਈ ਮੁਆਫੀ ਮੰਗਣ ਲਈ ਮਜਬੂਰ ਹੋਣਾ ਪਿਆ। ਅਕਾਲੀ ਆਗੂਆਂ ਨੇ ਕਿਹਾ ਕਿ ਜਦੋਂ ਮੌਜੂਦਾ ਜੇਲ੍ਹ ਮੰਤਰੀ ਨੇ ਪਟਿਆਲਾ ਜੇਲ੍ਹ ਦਾ ਦੌਰਾ ਕੀਤਾ ਤਾਂ ਮਜੀਠੀਆ ਨਾਲ ਅਣਮਨੁੱਖੀ ਸਲੂਕ ਕੀਤਾ ਗਿਆ। ਉਨ੍ਹਾਂ ਨੁੰ ਮਨੁੱਖੀ ਰਿਹਾਇਸ਼ ਲਈ ਅਨਫਿੱਟ ਚੱਕੀ ਵਿਚ ਬੰਦ ਕਰ ਦਿੱਤਾ ਗਿਆ। ਇਸ ਮਗਰੋਂ ਮਜੀਠੀਆ ਨੂੰ ਇਸ ਵੇਲੇ 8× 8 ਦੇ ਕਮਰੇ ਵਿਚ ਬੰਦ ਕਰਕੇ ਜ਼ਲੀਲ ਕੀਤਾ ਜਾ ਰਿਹਾ ਹੈ।






