ਹੜਤਾਲ ਉਤੇ ਚੱਲ ਰਹੇ ਮਾਲ ਮਹਿਕਮੇ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦਿਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੁਅੱਤਲ ਕੀਤੇ ਗਏ ਤਹਿਸੀਲਦਾਰਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ ਹੈl
ਸ਼੍ਰੋਮਣੀ ਅਕਾਲੀ ਦਲ ਦੇ ਮੁਲਾਜ਼ਮ ਵਿੰਗ ਕੋਆਰਡੀਨੇਟਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਮਾਲ ਮਹਿਕਮੇ ਦੇ ਅਧਿਕਾਰੀ ਸਰਕਾਰ ਦੀਆਂ ਗਲਤ ਨੀਤੀਆਂ ਦਾ ਖ਼ਮਿਆਜ਼ਾ ਭੁਗਤ ਰਹੇ ਹਨl ਮਾਲ ਮਹਿਕਮੇ ਦੇ ਕਮਿਸ਼ਨਰ ਵੱਲੋਂ ਹੀ ਅਧਿਕਾਰਤ ਅਤੇ ਅਣਅਧਿਕਾਰਤ ਕਲੋਨੀਆਂ ਦੀ ਨਿਸ਼ਾਨਦੇਹੀ ਕਰਕੇ ਰਜਿਸਟਰੀਆਂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ l
ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਰਜਿਸਟਰੀਆਂ ਕਰਨ ਵਾਲੇ ਤਹਿਸੀਲਦਾਰ ਨੂੰ ਸਰਕਾਰ ਨੇ ਮੁਅੱਤਲ ਕਰ ਦਿੱਤਾ l ਮਲੂਕਾ ਨੇ ਦੋਸ਼ ਲਗਾਏ ਕਿ ਮੌਜੂਦਾ ਸਰਕਾਰ ਲਗਾਤਾਰ ਵਾਹ ਵਾਹੀ ਖੱਟਣ ਲਈ ਜਲਦਬਾਜ਼ੀ ਵਿਚ ਗਲਤ ਫੈਸਲੇ ਕਰ ਰਹੀ ਹੈ l ਸਰਕਾਰ ਨੂੰ ਕੀਤੇ ਗਏ ਫ਼ੈਸਲਿਆਂ ਤੋਂ ਕਈ ਵਾਰ ਪਿੱਛੇ ਹਟਣਾ ਪਿਆ ਹੈ l
ਤਹਿਸੀਲਦਾਰਾਂ ਨੂੰ ਵੀ ਬਿਨਾਂ ਕਿਸੇ ਪੜਚੋਲ ਤੋਂ ਜਲਦਬਾਜ਼ੀ ਵਿੱਚ ਮੁਅੱਤਲ ਕੀਤਾ ਗਿਆ l ਮਲੂਕਾ ਨੇ ਕਿਹਾ ਕਿ ਮਾਲ ਮਹਿਕਮੇ ਦੇ ਕੁਝ ਅਧਿਕਾਰੀ ਅਤੇ ਤਹਿਸੀਲਦਾਰਾਂ ਵੱਲੋਂ ਉਨ੍ਹਾਂ ਨੂੰ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ l ਸੂਬਾ ਸਰਕਾਰ ਨੂੰ ਤੁਰੰਤ ਮਾਲ ਮਹਿਕਮੇ ਦੇ ਕਮਿਸ਼ਨਰ ਵੱਲੋਂ ਜਾਰੀ ਨੋਟੀਫਿਕੇਸ਼ਨ ਦੀ ਪੜਤਾਲ ਕਰਨੀ ਚਾਹੀਦੀ ਹੈ ਤੇ ਤੁਰੰਤ ਮੁਅੱਤਲ ਕੀਤੇ ਗਏ ਤਹਿਸੀਲਦਾਰਾਂ ਨੂੰ ਬਹਾਲ ਕਰ ਦੇਣਾ ਚਾਹੀਦਾ ਹੈ l
ਸਰਕਾਰ ਦੇ ਜਲਦਬਾਜ਼ੀ ਵਿਚ ਕੀਤੇ ਗਏ ਗਲਤ ਫੈਸਲਿਆਂ ਦਾ ਖਮਿਆਜ਼ਾ ਮਾਲ ਮਹਿਕਮੇ ਦੇ ਅਧਿਕਾਰੀ ਅਤੇ ਸੂਬੇ ਦੇ ਆਮ ਲੋਕ ਭੁਗਤ ਰਹੇ ਹਨ l ਮਾਲ ਮਹਿਕਮੇ ਦੀ ਹੜਤਾਲ ਕਾਰਨ ਲੱਖਾਂ ਲੋਕਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ l ਮਲੂਕਾ ਨੇ ਇਹ ਵੀ ਦੋਸ਼ ਲਗਾਇਆ ਕਿ ਸਰਕਾਰ ਦੇ ਗਲਤ ਫੈਸਲਿਆਂ ਕਾਰਨ ਪਿਛਲੇ ਤਿੰਨ ਮਹੀਨਿਆਂ ਦੌਰਾਨ ਹਰ ਵਿਭਾਗ ਵਿੱਚ ਰਿਸ਼ਵਤਖੋਰੀ ਸਿਖ਼ਰਾਂ ਉਤੇ ਪੁੱਜ ਗਈ ਹੈ l
ਸੂਬੇ ਦੇ ਲੋਕਾਂ ਦੀ ਸਹੂਲਤ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਤੁਰਤ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮਾਮਲੇ ਦਾ ਨਿਪਟਾਰਾ ਕੀਤਾ ਜਾਵੇ l ਮਲੂਕਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਕੋਈ ਵੀ ਫੈਸਲਾ ਕਰਨ ਤੋਂ ਪਹਿਲਾਂ ਉਸ ਦਾ ਹਰ ਪਹਿਲੂ ਵਿਚਾਰ ਲਿਆ ਜਾਵੇ l ਵਾਰ ਵਾਰ ਕੀਤੇ ਗਏ ਫ਼ੈਸਲੇ ਤੋਂ ਪਿੱਛੇ ਹਟਣ ਨਾਲ ਸਰਕਾਰ ਦੀ ਬਦਨਾਮੀ ਹੁੰਦੀ ਹੈ l ਪ੍ਰੈੱਸ ਨੂੰ ਇਹ ਜਾਣਕਾਰੀ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਵੱਲੋਂ ਦਿੱਤੀ ਗਈ l






