ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਵੱਡੀ ਖ਼ਬਰ ਆਈ ਹੈ। ਮਹਾਰਾਸ਼ਟਰ ਤੋਂ ਇੱਕ ਸ਼ੂਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੌਰਵ ਉਰਫ ਮਹਾਂਕਾਲ ਨਾਮ ਦੇ ਇਸ ਸ਼ੂਟਰ ਨੂੰ ਸਥਾਨਕ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ।
ਪੰਜਾਬ ਪੁਲਿਸ ਨੇ ਮਹਾਰਾਸ਼ਟਰ ਪੁਲਿਸ ਨਾਲ ਰਾਬਤਾ ਬਣਾਇਆ ਹੋਇਆ ਹੈ।
ਪੰਜਾਬ ਦੀ ਵਿਸ਼ੇਸ਼ ਜਾਂਚ ਟੀਮ ਮੁੰਬਈ ਪੁਲਿਸ ਨਾਲ ਮਿਲ ਕੇ ਕੰਮ ਕਰ ਰਹੀ ਹੈ। ਪੰਜਾਬ ਦੀ ਇਕ ਟੀਮ ਲਗਾਤਾਰ ਮੁੰਬਈ ‘ਚ ਜਾਂਚ ਕਰ ਰਹੀ ਹੈ। ਪੁਲਿਸ ਸੂਤਰਾਂ ਅਨੁਸਾਰ ਮੁਲਜ਼ਮ ਸੌਰਵ ਮਹਾਂਕਾਲ 4 ਦਿਨ ਪਹਿਲਾਂ ਪੰਜਾਬ ਤੋਂ ਵਾਪਸ ਮੁੰਬਈ ਪਹੁੰਚਿਆ ਸੀ।
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸੋਮਵਾਰ ਲਾਰੈਂਸ ਬਿਸ਼਼ਨੋਈ ਨੇ ਪੁੱਛਗਿੱਛ ਦੌਰਾਨ ਕਈ ਸੁਰਾਗ ਦਿੱਤੇ ਸਨ।ਉਸ ਨੇ ਹਥਿਆਰ ਸਪਲਾਈ ਕਰਨ ਵਾਲੇ ਬਾਰੇ ਵੀ ਦੱਸਿਆ। ਇਹ ਸ਼ਾਰਪ ਸ਼ੂਟਰ ਸੌਰਵ ਮਹਾਂਕਾਲ, ਮਹਾਰਾਸ਼ਟਰ ਦੇ ਪੁਣੇ ਨਾਲ ਸਬੰਧਤ ਹੈ।
ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ 8 ਸ਼ਾਰਪ ਸ਼ੂਟਰਾਂ ਦੀ ਪਹਿਚਾਣ ਕੀਤੀ ਗਈ ਸੀ। ਸੂਤਰਾਂ ਦੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸਬੰਧਤ ਵੱਖ-ਵੱਖ ਰਾਜਾਂ ਦੇ ਰਹਿਣ ਵਾਲੇ ਇਹ ਸ਼ੂਟਰ ਮੂਸੇਵਾਲਾ ਦੀ ਹੱਤਿਆ ‘ਚ ਸ਼ਾਮਿਲ ਹਨ।
ਜਾਣਕਾਰੀ ਅਨੁਸਾਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਵਲੋਂ ਹਤਿਆਰਿਆਂ ਨੂੰ ਫੜਨ ਲਈ ਪੰਜਾਬ, ਹਰਿਆਣਾ, ਰਾਜਸਥਾਨ, ਮਹਾਂਰਾਸ਼ਟਰ ਵਿਚ ਲਗਾਤਾਰ ਛਾਪੇਮਾਰੀ ਜਾਰੀ ਹੈ।






