ਰਾਜ ਸਭਾ ਦੀਆਂ 16 ਸੀਟਾਂ ਲਈ ਸ਼ੁੱਕਰਵਾਰ ਨੂੰ ਵੋਟਾਂ ਪਾਈਆਂ ਗਈਆਂ। ਵੋਟਾਂ ਦੀ ਗਿਣਤੀ ਤੋਂ ਬਾਅਦ ਰਾਜਸਥਾਨ ’ਚ ਕਾਂਗਰਸ ਨੇ ਤਿੰਨ ਤੇ ਭਾਜਪਾ ਨੇ ਇਕ ਸੀਟ ਜਿੱਤ ਲਈ। ਹਰਿਆਣਾ ਤੇ ਮਹਾਰਾਸ਼ਟਰ ’ਚ ਵੋਟਾਂ ਦੀ ਗਿਣਤੀ ਰੋਕ ਦਿੱਤੀ ਗਈ ਹੈ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਕ ਟਵੀਟ ’ਚ ਪਾਰਟੀ ਦੇ ਤਿੰਨ ਉਮੀਦਵਾਰਾਂ ਰਣਦੀਪ ਸੁਰਜੇਵਾਲਾ, ਮੁਕੁਲ ਵਾਸਨਿਕ ਤੇ ਪ੍ਰਮੋਦ ਤਿਵਾੜੀ ਦੇ ਜਿੱਤਣ ਦੀ ਗੱਲ ਕਹੀ ਹੈ। ਭਾਜਪਾ ਦੇ ਘਨਸ਼ਿਆਮ ਤਿਵਾੜੀ ਵੀ ਚੋਣ ਜਿੱਤ ਗਏ ਹਨ। ਰਾਜਸਥਾਨ ’ਚ ਕ੍ਰਾਸ ਵੋਟਿੰਗ ਕਾਰਨ ਭਾਜਪਾ ਨੇ ਆਪਣੀ ਵਿਧਾਇਕਾ ਸ਼ੋਭਾ ਰਾਣੀ ਕੁਸ਼ਵਾਹ ਨੂੰ ਮੁਅੱਤਲ ਕਰ ਦਿੱਤਾ ਹੈ।
ਹਰਿਆਣਾ ’ਚ ਰਾਜ ਸਭਾ ਦੀਆਂ ਦੋ ਸੀਟਾਂ ’ਤੇ ਹੋਈਆਂ ਚੋਣਾਂ ਨੂੰ ਲੈ ਕੇ ਵੱਡਾ ਪੇਚ ਫਸ ਗਿਆ ਹੈ। ਇਨ੍ਹਾਂ ਦੋਵੇਂ ਸੀਟਾਂ ਲਈ ਮਤਦਾਨ ਤਾਂ ਹੋ ਗਿਆ ਪਰ ਭਾਜਪਾ, ਜੇਜੇਪੀ ਤੇ ਆਜ਼ਾਦ ਵਿਧਾਇਕਾਂ ਵੱਲੋਂ ਸਮਰਥਿਤ ਕਾਰਤੀਕੇਅ ਸ਼ਰਮਾ ਤੇ ਉਨ੍ਹਾਂ ਦੇ ਏਜੰਟਾਂ ਦੀ ਸ਼ਿਕਾਇਤ ਕਾਰਨ ਵੋਟਾਂ ਦੀ ਗਿਣਤੀ ਨਹੀਂ ਹੋ ਸਕੀ। ਮਾਮਲਾ ਚੋਣ ਕਮਿਸ਼ਨ ਤਕ ਪਹੁੰਚ ਗਿਆ ਹੈ। ਵਿਵਾਦ ਕਾਂਗਰਸੀ ਵਿਧਾਇਕ ਕਿਰਨ ਚੌਧਰੀ ਤੇ ਭਾਰਤ ਭੂਸ਼ਣ ਬੱਤਰਾ ਵੱਲੋਂ ਆਪਣੀ ਵੋਟ ਕਾਂਗਰਸ ਦੇ ਅਧਿਕਾਰਤ ਏਜੰਟ ਵਿਵੇਕ ਬਾਂਸਲ ਨਾਲ ਜੇਜੇਪੀ ਦੇ ਏਜੰਟ ਦਿਗਵਿਜੇ ਸਿੰਘ ਚੌਟਾਲਾ ਨੂੰ ਵੀ ਦਿਖਾਏ ਜਾਣ ਦੇ ਦੋਸ਼ਾਂ ਨਾਲ ਉਲਝਿਆ ਹੈ। ਚੋਣ ਕਮਿਸ਼ਨ ਨੇ ਵੋਟਿੰਗ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਤਲਬ ਕਰ ਲਈ ਹੈ। ਰਾਜ ਸਭਾ ਚੋਣਾਂ ਦੇ ਰਿਟਰਨਿੰਗ ਅਧਿਕਾਰੀ ਵਿਧਾਨ ਸਭਾ ਦੇ ਸਕੱਤਰ ਰਾਜੇਂਦਰ ਸਿੰਘ ਨਾਂਦਲ ਦਾ ਪੱਖ ਵੀ ਕਮਿਸ਼ਨ ਨੇ ਜਾਣਿਆ ਹੈ। ਨਾਂਦਲ ਨੇ ਵੋਟਾਂ ਦੀ ਗੁਪਤਤਾ ਭੰਗ ਹੋਣ ਦੇ ਦੋਸ਼ਾਂ ਨੂੰ ਖ਼ਾਰਜ ਕਰਦੇ ਹੋਏ ਕਿਰਨ ਚੌਧਰੀ ਤੇ ਬੀਬੀ ਬੱਤਰਾ ਦੇ ਦੋਵੇਂ ਵੋਟਾਂ ਨੂੰ ਜਾਇਜ਼ ਮੰਨਿਆ ਤੇ ਉਨ੍ਹਾਂ ਨੂੰ ਬੈਲੇਟ ਬਾਕਸ ’ਚ ਸੁਟਵਾ ਦਿੱਤਾ। ਚੋਣ ਕਮਿਸ਼ਨ ਕੋਲ ਵੀ ਨਾਂਦਲ ਨੇ ਇਹੀ ਜਵਾਬ ਭੇਜਿਆ ਹੈ ਕਿ ਕਿਤੇ ਕੋਈ ਗੜਬੜੀ ਨਹੀਂ ਹੋਈ। ਇਸ ਨੂੰ ਲੈ ਕੇ ਭਾਜਪਾ ਸਰਕਾਰ ਦਾ ਚਾਰ ਕੇਂਦਰੀ ਮੰਤਰੀਆਂ ਨੇ ਨਵੀਂ ਦਿੱਲੀ ’ਚ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ। ਵਫ਼ਦ ’ਚ ਕੇਂਦਰੀ ਮੰਤਰੀ ਮੁਖਤਾਰ ਅੱਬਾਸ ਨਕਵੀ, ਗਜੇਂਦਰ ਸਿੰਘ ਸ਼ੇਖਾਵਤ, ਅਰਜੁਨ ਰਾਮ ਮੇਘਵਾਲ, ਡਾ. ਜਤਿੰਦਰ ਸਿੰਘ ਸ਼ਾਮਲ ਰਹੇ। ਮੀਡੀਆ ਨਾਲ ਗੱਲਬਾਤ ’ਚ ਨਕਵੀ ਨੇ ਕਿਹਾ ਕਿ ਮਹਾਰਾਸ਼ਟਰ ਤੇ ਹਰਿਆਣਾ ਦੀਆਂ ਚੋਣਾਂ ’ਚ ਖੁੱਲ੍ਹੇਆਮ ਬੇਨਿਯਮੀ ਹੋਈ ਹੈ। ਗਿਣਤੀ ’ਤੇ ਰੋਕ ਖ਼ਿਲਾਫ਼ ਕਾਂਗਰਸ ਵੱਲੋਂ ਸਾਬਕਾ ਕੇਂਦਰੀ ਮੰਤਰੀ ਵਿਵੇਕ ਬਾਂਸਲ, ਮੱਧ ਪ੍ਰਦੇਸ਼ ਦੇ ਸਾਬਕਾ ਐਡਵੋਕੇਟ ਜਨਰਲ ਵਿਵੇਕ ਤਨਖਾ ਤੇ ਰਣਜੀਤ ਰਾਜਨ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ।






