ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਦਰਾਬਗਾਮ ਇਲਾਕੇ ‘ਚ ਸ਼ਨਿਚਰਵਾਰ ਸ਼ਾਮ ਤੋਂ ਚੱਲ ਰਿਹਾ ਮੁਕਾਬਲਾ ਖਤਮ ਹੋ ਗਿਆ ਹੈ। ਸੁਰੱਖਿਆ ਬਲਾਂ ਨੇ ਲਸ਼ਕਰ-ਏ-ਤੋਇਬਾ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਇਨ੍ਹਾਂ ਕੋਲੋਂ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਹੋਇਆ ਹੈ। ਮਾਰੇ ਗਏ ਤਿੰਨ ਅੱਤਵਾਦੀਆਂ ਦੀ ਪਛਾਣ ਹੋ ਗਈ ਹੈ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਜੁਨੈਦ ਵਜੋਂ ਹੋਈ ਹੈ। ਜੁਨੈਦ ਉਹੀ ਅੱਤਵਾਦੀ ਹੈ ਜਿਸ ਨੇ ਪੁਲਿਸ ਮੁਲਾਜ਼ਮ ਰਿਆਜ਼ ਅਹਿਮਦ ਦੀ ਹੱਤਿਆ ਕੀਤੀ ਸੀ।
ਜਾਣਕਾਰੀ ਮੁਤਾਬਕ ਪੁਲਸ ਨੇ ਐਤਵਾਰ ਨੂੰ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ਼ਨਿਚਰਵਾਰ ਨੂੰ ਪੁਲਵਾਮਾ ਦੇ ਦਰਬਗਾਮ ਇਲਾਕੇ ‘ਚ ਇਕ ਅੱਤਵਾਦੀ ਨੂੰ ਗੋਲੀ ਮਾਰ ਦਿੱਤੀ ਗਈ। ਉਸ ਰਾਤ ਚੱਲੇ ਮੁਕਾਬਲੇ ਤੋਂ ਬਾਅਦ ਹੁਣ ਤੱਕ ਤਿੰਨ ਅੱਤਵਾਦੀਆਂ ਨੂੰ ਮਾਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਜਾਰੀ ਹੈ।
ਇਸ ਦੌਰਾਨ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਇੰਟਰਨੈੱਟ ਮੀਡੀਆ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਪੁਲਵਾਮਾ ਮੁਕਾਬਲੇ ਦੇ ਤਿੰਨੋਂ ਅੱਤਵਾਦੀ ਮਾਰੇ ਗਏ ਹਨ। ਇਨ੍ਹਾਂ ਦੀ ਪਛਾਣ ਪੁਲਵਾਮਾ ਦੇ ਰਹਿਣ ਵਾਲੇ ਜੁਨੈਦ ਸ਼ਿਰਗੋਜਰੀ, ਫੈਜ਼ਲ ਨਜ਼ੀਰ ਬੱਟ ਅਤੇ ਇਰਫਾਨ ਅਹਿਮਦ ਮਲਿਕ ਵਜੋਂ ਹੋਈ ਹੈ। ਇਨ੍ਹਾਂ ਦੇ ਕਬਜ਼ੇ ‘ਚੋਂ ਦੋ ਏਕੇ 47 ਰਾਈਫਲਾਂ ਅਤੇ ਇਕ ਪਿਸਤੌਲ ਬਰਾਮਦ ਹੋਇਆ ਹੈ।
ਪੁਲਿਸ ਬੁਲਾਰੇ ਮੁਤਾਬਕ ਕਸ਼ਮੀਰ ‘ਚ ਅੱਤਵਾਦੀਆਂ ਨੂੰ ਖਤਮ ਕਰਨ ਲਈ ਸੁਰੱਖਿਆ ਬਲਾਂ ਦਾ ਆਪਰੇਸ਼ਨ ਜਾਰੀ ਹੈ। ਪਿਛਲੇ ਕੁਝ ਮਹੀਨਿਆਂ ‘ਚ ਸੁਰੱਖਿਆ ਬਲਾਂ ਨੇ ਕਸ਼ਮੀਰ ਡਿਵੀਜ਼ਨ ‘ਚ ਕਈ ਅੱਤਵਾਦੀਆਂ ਅਤੇ ਉਨ੍ਹਾਂ ਦੇ ਕਮਾਂਡਰਾਂ ਨੂੰ ਮਾਰ ਮੁਕਾਇਆ ਹੈ। ਇਨ੍ਹਾਂ ਵਿੱਚੋਂ ਬਹੁਤੇ ਮੁਕਾਬਲੇ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੇ ਹਨ। ਸ਼ਨਿਚਰਵਾਰ ਨੂੰ ਕੁਲਗਾਮ ਜ਼ਿਲੇ ‘ਚ ਸੁਰੱਖਿਆ ਬਲਾਂ ਨੇ ਹਿਜ਼ਬੁਲ ਮੁਜਾਹਿਦੀਨ ਦੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਸੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਸ਼ਮੀਰ ਵਿੱਚ ਦੋ ਮੁਕਾਬਲੇ ਹੋਏ ਸਨ। ਕੁਪਵਾੜਾ ਮੁਕਾਬਲੇ ‘ਚ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਦੇ ਦੋ ਅੱਤਵਾਦੀ ਮਾਰੇ ਗਏ ਸਨ, ਜਦਕਿ ਸੋਮਵਾਰ ਨੂੰ ਸੋਪੋਰ ‘ਚ ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ਦੌਰਾਨ ਪਾਕਿਸਤਾਨੀ ਅੱਤਵਾਦੀ ਹੰਜਲਾ ਮਾਰਿਆ ਗਿਆ ਸੀ।






