ਮਾਨਸਾ : ਇੱਕ ਪਾਸੇ ਸੰਗਰੂਰ ਜ਼ਿਮਨੀ ਚੋਣ ਨੂੰ ਲੈਕੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਚੋਣ ਮੈਦਾਨ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਵੀ ਜ਼ਿਕਰ ਹੋ ਰਿਹਾ ਹੈ। ਕਾਂਗਰਸ ਨੇ ਤਾਂ ਬਕਾਇਦਾ ਕੈਂਪੇਨ ਸੌਂਗ ਜਾਰੀ ਕੀਤਾ। ਇਸ ਗੀਤ ਚ ਵੀ ਮੂਸੇਵਾਲਾ ਕਤਲਕਾਂਡ ਦਾ ਜ਼ਿਕਰ ਕੀਤਾ। ਵੀਡੀਓ ਵਿੱਚ ਮੂਸੇਵਾਲਾ ਦੀਆਂ ਤਸਵੀਰਾਂ ਵੀ ਵਿਖਾਈਆਂ ਗਈਆਂ ਹਨ। ਇਸਦੇ ਵਿਚਾਲੇ ਹੁਣ ਮੂਸੇਵਾਲਾ ਦੇ ਪਰਿਵਾਰ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ ਕਿ ਸਿਆਸੀ ਕੰਮਾਂ ਲਈ ਮੂਸੇਵਾਲਾ ਦਾ ਨਾਮ ਨਾ ਵਰਤਿਆ ਜਾਵੇ।
ਮੂਸੇਵਾਲਾ ਦੇ ਪਰਿਵਾਰ ਨੇ ਸੋਸ਼ਲ ਮੀਡੀਆ ਤੇ ਪਾਈ ਪੋਸਟ ਵਿੱਚ ਲਿਖਿਆ ਕਿ ‘ਕੋਈ ਵੀ ਰਾਜਨੀਤਕ ਪਾਰਟੀ ਜਾਂ ਕੋਈ ਹੋਰ ਵਿਅਕਤੀ ਵਿਸ਼ੇਸ਼ ਆਪਣੇ ਰਾਜਨੀਤਕ ਜਾਂ ਕਿਸੇ ਵੀ ਪ੍ਰਕਾਰ ਦੇ ਕੰਮ ਲਈ ਸ਼ੁਭਦੀਪ ਸਿੰਘ (ਸਿੱਧੂ ਮੂਸੇਵਾਲਾ) ਦਾ ਨਾਮ ਕਿਰਪਾ ਕਰਕੇ ਨਾ ਵਰਤਿਆ ਜਾਵੇ।’
ਜਿੱਥੇ ਮੂਸੇਵਾਲਾ ਦੇ ਪਰਿਵਾਰ ਨੇ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਹੈ, ਉੱਥੇ ਹੀ ਕਾਂਗਰਸ ਦੇ ਕੈਂਪੇਨ ਸੌਂਗ ਨੂੰ ਲੈ ਕੇ ਬਵਾਲ ਹੋ ਗਿਆ, ਜਿਸਤੇ ਆਮ ਆਦਮੀ ਪਾਰਟੀ ਨੇ ਸਵਾਲ ਚੁੱਕੇ ਹਨ। ਆਪ ਨੇ ਕਾਂਗਰਸ ‘ਤੇ ਵਰਦਿਆਂ ਕਿਹਾ ਕਿ ਕਾਂਗਰਸ ਮੂਸੇਵਾਲਾ ਦੀ ਮੌਤ ਤੇ ਰਾਜਨੀਤੀ ਕਰ ਰਹੀ ਹੈ। ਮੌਤ ਤੋਂ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਖੈਰ ਹੁਣ ਵੇਖਣਾ ਹੋਵੇਗਾ ਕਿ ਮੂਸੇਵਾਲਾ ਦੇ ਪਰਿਵਾਰ ਦੀ ਅਪੀਲ ਦਾ ਸਿਆਸਤਦਾਨਾਂ ਤੇ ਕਿੰਨਾ ਕੁ ਅਸਰ ਹੁੰਦਾ ਅਤੇ ਕੈਂਪੇਨ ਸੌਂਗ ਨੂੰ ਲੈ ਕੇ ਕਾਂਗਰਸ ਵੱਲੋਂ ਕੀ ਸਫਾਈ ਦਿੱਤੀ ਜਾਂਦੀ ਹੈ।






