ਇੰਨੀ ਮਹਿੰਗਾਈ ਵਿੱਚ ਜੇਕਰ ਕਿਸੇ ਨੂੰ ਐੱਲਪੀਜੀ ਸਿਲੰਡਰ ਮੁਫ਼ਤ ਵਿੱਚ ਮਿਲਦਾ ਹੈ ਤਾਂ ਹੋਰ ਕੀ ਚਾਹੀਦਾ ਹੈ। ਦੇਸ਼ ਦੇ ਇੱਕ ਰਾਜ ਨੇ ਇਸ ਮਹੀਨੇ ਦੇ ਅੰਤ ਤੋਂ ਲੋਕਾਂ ਨੂੰ ਤਿੰਨ ਗੈਸ ਸਿਲੰਡਰ ਮੁਫ਼ਤ ਦੇਣ ਦਾ ਐਲਾਨ ਕਰ ਦਿੱਤਾ ਹੈ। ਇਹ ਰਾਜ ਗੋਆ ਹੈ ਅਤੇ ਇੱਥੋਂ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਇਸ ਦਾ ਵਾਅਦਾ ਕੀਤਾ ਸੀ।
ਇਸ ਸਮੇਂ ਗੋਆ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਹੈ। ਚੋਣਾਂ ਤੋਂ ਪਹਿਲਾਂ ਭਾਜਪਾ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਸੀ ਕਿ ਉਹ ਗਰੀਬੀ ਰੇਖਾ (ਬੀਪੀਐਲ) ਤੋਂ ਹੇਠਾਂ ਰਹਿ ਰਹੇ ਲੋਕਾਂ ਨੂੰ 3 ਗੈਸ ਸਿਲੰਡਰ ਮੁਫ਼ਤ ਦੇਵੇਗੀ। ਕਿਉਂਕਿ ਸਰਕਾਰ ਬਣੀ ਨੂੰ ਕਾਫੀ ਸਮਾਂ ਹੋ ਗਿਆ ਹੈ, ਹੁਣ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਹੈ।
ਲਾਈਵ ਮਿੰਟ ਨੇ ਸੂਬੇ ਦੇ ਪੇਂਡੂ ਵਿਕਾਸ ਏਜੰਸੀ ਮੰਤਰੀ ਗੋਵਿੰਦ ਗੌੜੇ ਦੇ ਹਵਾਲੇ ਨਾਲ ਇਹ ਜਾਣਕਾਰੀ ਪ੍ਰਕਾਸ਼ਿਤ ਕੀਤੀ ਹੈ।
3 ਸਿਲੰਡਰ ਦੇ ਪੈਸੇ ਵਾਪਸ ਮਿਲਣਗੇ
ਗੋਆ ਸਰਕਾਰ ਦੇ ਅਨੁਸਾਰ, ਜਿਨ੍ਹਾਂ ਪਰਿਵਾਰਾਂ ਦੀ ਕੁੱਲ ਸਾਲਾਨਾ ਆਮਦਨ 4 ਲੱਖ ਤੋਂ ਘੱਟ ਹੈ, ਉਹ ਇਸ ਯੋਜਨਾ ਦੇ ਤਹਿਤ ਕਵਰ ਕੀਤੇ ਜਾਣਗੇ। ਗੌੜੇ ਨੇ ਕਿਹਾ ਕਿ ਇਸ ਪਹਿਲਕਦਮੀ ਦੇ ਤਹਿਤ 37,000 ਬੀਪੀਐਲ ਪਰਿਵਾਰਾਂ ਨੂੰ ਕਵਰ ਕੀਤਾ ਜਾਵੇਗਾ।
ਮੌਜੂਦਾ ਵਿੱਤੀ ਸਾਲ ਦੇ ਅੰਤ ਵਿੱਚ ਪੈਸੇ ਸਿੱਧੇ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾ ਕੀਤੇ ਜਾਣਗੇ। “ਅਸੀਂ ਜਾਂਚ ਕਰਾਂਗੇ ਕਿ ਉਨ੍ਹਾਂ ਨੇ ਕਿੰਨੇ ਸਿਲੰਡਰ ਲਏ ਹਨ। ਆਮ ਤੌਰ ‘ਤੇ, ਹਰ ਪਰਿਵਾਰ ਨੂੰ ਪ੍ਰਤੀ ਸਾਲ ਛੇ ਸਿਲੰਡਰ ਦੀ ਲੋੜ ਹੁੰਦੀ ਹੈ। ਅਸੀਂ ਉਨ੍ਹਾਂ ਦੇ ਤਿੰਨ ਸਿਲੰਡਰਾਂ ਦੇ ਪੈਸੇ ਵਾਪਸ ਕਰ ਦੇਵਾਂਗੇ।”
ਇਸ ਤੋਂ ਇਲਾਵਾ ਇਸੇ ਮਹੀਨੇ ਕੇਂਦਰ ਸਰਕਾਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ 200 ਰੁਪਏ ਪ੍ਰਤੀ ਗੈਸ ਸਿਲੰਡਰ (12 ਸਿਲੰਡਰ ਤੱਕ) ਦੀ ਸਬਸਿਡੀ ਦਿੱਤੀ ਜਾਵੇਗੀ। ਕੇਂਦਰ ਦੀ ਐਲਪੀਜੀ ਸਬਸਿਡੀ ਹੁਣ 9 ਕਰੋੜ ਗਰੀਬ ਔਰਤਾਂ ਅਤੇ ਹੋਰ ਲਾਭਪਾਤਰੀਆਂ ਤੱਕ ਸੀਮਤ ਰਹੇਗੀ ਜਿਨ੍ਹਾਂ ਨੇ ਉੱਜਵਲਾ ਸਕੀਮ ਤਹਿਤ ਐਲਪੀਜੀ ਕੁਨੈਕਸ਼ਨ ਲਏ ਹਨ।






