LPG Cylinder Price Hike: ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਹੁਣ ਰਸੋਈ ਗੈਸ ਸਿਲੰਡਰ ਨੇ ਝਟਕਾ ਦਿੱਤਾ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ ਨੇ ਬੁੱਧਵਾਰ ਸਵੇਰੇ 14.2 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 50 ਰੁਪਏ ਦਾ ਵਾਧਾ ਕੀਤਾ ਹੈ।
ਪੈਟਰੋਲੀਅਮ ਕੰਪਨੀਆਂ ਮੁਤਾਬਕ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਘਰੇਲੂ ਗੈਸ ਸਿਲੰਡਰ (LPG) ਦੀ ਕੀਮਤ ਹੁਣ 50 ਰੁਪਏ ਵਧ ਕੇ 1,053 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। ਇਸ ਤੋਂ ਪਹਿਲਾਂ ਦਿੱਲੀ ਵਿੱਚ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ 1,003 ਰੁਪਏ ਸੀ।
ਪਿਛਲੇ ਇੱਕ ਸਾਲ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਰੀਬ 215 ਰੁਪਏ ਦਾ ਵਾਧਾ ਹੋਇਆ ਹੈ। ਇਸ ਦੀ ਕੀਮਤ 834.50 ਰੁਪਏ ਵਧ ਕੇ 1,003 ਰੁਪਏ ਹੋ ਗਈ ਸੀ, ਜੋ ਹੁਣ 50 ਰੁਪਏ ਹੋਰ ਵਧ ਗਈ ਹੈ।
ਇਸ ਤੋਂ ਪਹਿਲਾਂ 19 ਮਈ ਨੂੰ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ 7 ਮਈ ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਵਾਧਾ ਹੋਇਆ ਸੀ ਅਤੇ ਇਸ ਦੀ ਕੀਮਤ 999.50 ਰੁਪਏ ‘ਤੇ ਪਹੁੰਚ ਗਈ ਸੀ।
22 ਮਾਰਚ ਨੂੰ ਵੀ ਇਸ ਦੀਆਂ ਕੀਮਤਾਂ ‘ਚ 50 ਰੁਪਏ ਦਾ ਵਾਧਾ ਹੋਇਆ ਸੀ। ਹਾਲਾਂਕਿ, ਅਕਤੂਬਰ 2021 ਤੋਂ ਫਰਵਰੀ 2022 ਤੱਕ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਅਤੇ ਇਹ 899.50 ਰੁਪਏ ‘ਤੇ ਸਥਿਰ ਰਿਹਾ।
5 ਕਿਲੋ ਦਾ ਸਿਲੰਡਰ ਵੀ ਮਹਿੰਗਾ
ਪੈਟਰੋਲੀਅਮ ਕੰਪਨੀਆਂ ਨੇ ਅੱਜ ਸਵੇਰੇ 5 ਕਿਲੋ ਦੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵੀ ਵਾਧਾ ਕਰ ਦਿੱਤਾ ਹੈ। ਇਸ ਦੀ ਕੀਮਤ 18 ਰੁਪਏ ਪ੍ਰਤੀ ਸਿਲੰਡਰ ਵਧ ਗਈ ਹੈ। ਇਸ ਤੋਂ ਇਲਾਵਾ 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ‘ਚ 8.50 ਰੁਪਏ ਦੀ ਕਟੌਤੀ ਕੀਤੀ ਗਈ ਹੈ।
ਇਸ ਮਹੀਨੇ ਦੀ ਸ਼ੁਰੂਆਤ ‘ਚ ਹੀ ਇਸ ਦੀਆਂ ਕੀਮਤਾਂ ‘ਚ ਵੱਡੀ ਕਟੌਤੀ ਕੀਤੀ ਗਈ ਸੀ। ਕੁਝ ਦਿਨ ਪਹਿਲਾਂ ਵਪਾਰਕ ਸਿਲੰਡਰ ਦੀਆਂ ਕੀਮਤਾਂ ਵਿੱਚ 198 ਰੁਪਏ ਦੀ ਕਟੌਤੀ ਕੀਤੀ ਗਈ ਸੀ, ਜਿਸ ਤੋਂ ਬਾਅਦ ਦਿੱਲੀ ਵਿੱਚ ਕੀਮਤ 2021 ਰੁਪਏ ਹੋ ਗਈ ਸੀ।






