ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਇਕ ਹੋਰ ਖੁਲਾਸਾ ਹੋਇਆ ਹੈ। ਗੋਲਡੀ ਬਰਾੜ ਅਤੇ ਸ਼ਾਰਪ ਸ਼ੂਟਰ ਪ੍ਰਿਯਾਵਰਤ ਫੌਜੀ ਵਿਚਾਲੇ ਫੋਨ ‘ਤੇ ਹੋਈ ਗੱਲਬਾਤ ਪੁਲਿਸ ਹੱਥ ਲੱਗੀ ਹੈ। ਜਿਸ ਵਿੱਚ ਗੋਲਡੀ ਬਰਾੜ ਘਟਨਾ ਤੋਂ ਇੱਕ ਦਿਨ ਪਹਿਲਾਂ ਫੌਜੀ ਨੂੰ ਕਹਿੰਦਾ ਹੈ ਕਿ ਉਸ ਨੇ ਕੱਲ੍ਹ ਹੀ ਇਹ ਕੰਮ ਕਰਨਾ ਹੈ, ਉਸ ਤੋਂ ਬਾਅਦ ਦੂਜੇ ਦਿਨ ਸਾਢੇ ਚਾਰ ਵਜੇ ਫੌਜੀ ਗੋਲਡੀ ਬਰਾੜ ਨੂੰ ਫ਼ੋਨ ਕਰਕੇ ਕਹਿੰਦਾ ਹੈ ਕਿ ਅਸੀਂ ਘਰ ਦੇ ਬਾਹਰ ਹਾਂ।
ਇਸ ਤੋਂ ਬਾਅਦ ਸ਼ਾਮ ਕਰੀਬ 6 ਵਜੇ ਇਕ ਹੋਰ ਫੋਨ ਕਰਕੇ ਫੌਜੀ ਦੱਸਦਾ ਹੈ ਕਿ ‘ਕੰਮ ਹੋ ਗਿਆ ਹੈ’। ਸ਼ੂਟਰਾਂ ਅਤੇ ਕੈਨੇਡਾ ਸਥਿਤ ਮਾਸਟਰਮਾਈਂਡ ਗੋਲਡੀ ਬਰਾੜ ਵਿਚਕਾਰ ਫੋਨ ‘ਤੇ ਹੋਈ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ 28 ਮਈ ਦੀ ਦੁਪਹਿਰ ਨੂੰ ਮੂਸੇਵਾਲਾ ਦੀ ਸੁਰੱਖਿਆ ’ਚ ਕਟੌਤੀ ਦੇ ਹੁਕਮ ਜਨਤਕ ਹੋਣ ਤੋਂ ਬਾਅਦ ਕਾਤਲਾਂ ਨੇ ਤੇਜ਼ੀ ਨਾਲ ਕਾਰਵਾਈ ਸ਼ੁਰੂ ਕਰ ਦਿੱਤੀ।
ਗੋਲਡੀ ਬਰਾੜ ਅਤੇ ਸ਼ੂਟਰਾਂ ਦੇ ਸਾਥੀ ਪ੍ਰਿਯਾਵਰਤ ਫੌਜੀ ਦਰਮਿਆਨ ਫ਼ੋਨ ‘ਤੇ ਹੋਈ ਗੱਲਬਾਤ ਅਨੁਸਾਰ ਬਰਾੜ ਨੂੰ ਇਹ ਕਹਿੰਦਿਆਂ ਸੁਣਿਆ ਜਾਂਦਾ ਹੈ ਕਿ ਸੁਰੱਖਿਆ ਘੇਰਾ ਖਤਮ ਹੋ ਗਿਆ ਹੈ,‘ਫੌਜੀ, ਕੰਮ ਕੱਲ੍ਹ ਹੀ ਕਰਨੈ।’ ਫੌਜੀ ਪ੍ਰਿਯਾਵਰਤ ਦਾ ਛੋਟਾ ਨਾਮ ਹੈ।
ਉਸ ਨੇ ਗੋਲਡੀ ਬਰਾੜ ਨੂੰ ‘ਡਾਕਟਰ’ ਕਹਿ ਕੇ ਸੰਬੋਧਨ ਕੀਤਾ। 29 ਮਈ ਨੂੰ ਸ਼ਾਮ 4:30 ਵਜੇ ਦੇ ਕਰੀਬ ਇੱਕ ਹੋਰ ਫ਼ੋਨ ਰਾਹੀਂ ‘ਡਾਕਟਰ’ ਨੂੰ ਦੱਸਿਆ ਗਿਆ ਕਿ ਮੂਸੇਵਾਲਾ ਘਰੋਂ ਬਾਹਰ ਜਾ ਰਿਹਾ ਹੈ। ਕਤਲ ਤੋਂ ਬਾਅਦ 29 ਮਈ ਨੂੰ ਰਿਕਾਰਡ ਕੀਤੀ ਗੱਲਬਾਤ ਤੋਂ ਪਤਾ ਲੱਗਦਾ ਹੈ ਕਿ ਫੌਜੀ ਨੇ ‘ਡਾਕਟਰ’ ਨੂੰ ਫੋਨ ਕੀਤਾ ਤੇ ਦੱਸਿਆ ‘ਕੰਮ ਕਰ ਦਿੱਤਾ’।ਦਿੱਲੀ ਦੇ ਸਪੈਸ਼ਲ ਸੈੱਲ ਵੱਲੋਂ ਕੀਤੀ ਗਈ ਪੁੱਛਗਿੱਛ ਅਤੇ ਫੌਜੀ ਦੇ ਮੋਬਾਈਲ ਦੀ ਫੋਰੈਂਸਿਕ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਈ ਹੈ।






