ਆਰਥਿਕ ਸੰਕਟ ਦੇ ਵਿਚਕਾਰ ਚੱਲ ਰਹੇ ਸਿਆਸੀ ਵਿਰੋਧ ਦਾ ਹੁਣ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਨੂੰ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਆਰਥਿਕ ਮੰਦਹਾਲੀ ਤੋਂ ਅੱਕੇ ਲੋਕ ਰਾਸ਼ਟਰਪਤੀ ਗੋਟਬਾਯਾ ਰਾਜਪਕਸ਼ੇ ਦੇ ਘਰ ਦਾਖਲ ਹੋ ਗਏ।
ਪ੍ਰਦਰਸ਼ਨਕਾਰੀ ਰਾਸ਼ਟਰਪਤੀ ਤੋਂ ਅਸਤੀਫੇ ਦੀ ਮੰਗ ਕਰ ਰਹੇ ਹਨ। ਇਨ੍ਹਾਂ ਨੂੰ ਖ਼ਿੰਡਾਉਣ ਲਈ ਪੁਲਿਸ ਨੇ ਸਖ਼ਤੀ ਵੀ ਵਰਤੀ। ਪ੍ਰਦਰਸ਼ਨਕਾਰੀਆਂ ’ਤੇ ਪੁਲਿਸ ਤੇ ਫੌਜ ਨੇ ਜਲ ਤੋਪਾਂ ਤੇ ਅੱਥਰੂ ਗੈਸ ਦੀ ਵਰਤੋਂ ਕੀਤੀ ਪਰ ਲੋਕ ਸਾਰੇ ਬੈਰੀਕੇਡ ਤੋੜ ਕੇ ਰਾਸ਼ਟਰਪਤੀ ਭਵਨ ’ਚ ਦਾਖਲ ਹੋ ਗਏ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ ’ਚ ਘੱਟੋ-ਘੱਟ 20 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਸ਼ਨੀਵਾਰ ਨੂੰ ਕੋਲੰਬੋ ‘ਚ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਦੀ ਰਿਹਾਇਸ਼ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਘੇਰ ਲਿਆ ਗਿਆ। ਜਿਸ ਤੋਂ ਬਾਅਦ ਰਾਜਪਕਸ਼ੇ ਆਪਣੀ ਸਰਕਾਰੀ ਰਿਹਾਇਸ਼ ਤੋਂ ਭੱਜ ਗਏ।
ਦੱਸ ਦਈਏ ਕਿ ਸ਼੍ਰੀਲੰਕਾ ਦੇ ਰਾਸ਼ਟਰਪਤੀ ਆਪਣੇ ਅਹੁਦੇ ਨੂੰ ਲੈ ਕੇ ਲਗਾਤਾਰ ਅੜੇ ਹੋਏ ਹਨ ਅਤੇ ਉਨ੍ਹਾਂ ਨੇ ਸਾਫ ਕਿਹਾ ਸੀ ਕਿ ਉਹ ਕਿਸੇ ਵੀ ਹਾਲਤ ‘ਚ ਰਾਸ਼ਟਰਪਤੀ ਦਾ ਅਹੁਦਾ ਨਹੀਂ ਛੱਡਣਗੇ ਪਰ ਹੁਣ ਉਹ ਆਪਣੇ ਘਰ ਤੋਂ ਭੱਜ ਗਏ ਹਨ। ਦੂਜੇ ਪਾਸੇ, ਸ਼੍ਰੀਲੰਕਾ ਵਿੱਚ ਚੋਟੀ ਦੇ ਵਕੀਲਾਂ ਦੀ ਯੂਨੀਅਨ, ਮਨੁੱਖੀ ਅਧਿਕਾਰ ਸਮੂਹਾਂ ਅਤੇ ਰਾਜਨੀਤਿਕ ਪਾਰਟੀਆਂ ਦੇ ਵਧਦੇ ਦਬਾਅ ਤੋਂ ਬਾਅਦ ਪੁਲਿਸ ਨੇ ਸ਼ਨੀਵਾਰ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਤੋਂ ਪਹਿਲਾਂ ਕਰਫਿਊ ਹਟਾ ਦਿੱਤਾ।
ਸ਼ਨਿਚਰਵਾਰ ਰਾਤ ਤੋਂ ਹੀ ਰਾਸ਼ਟਰਪਤੀ ਭਵਨ ਦੇ ਨੇੜੇ ਦੇ ਇਲਾਕੇ ‘ਤੇ ਕਬਜ਼ਾ ਕਰੀ ਬੈਠੇ ਪ੍ਰਦਰਸ਼ਨਕਾਰੀਆਂ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਫਿਲਹਾਲ ਰਾਸ਼ਟਰਪਤੀ ਦੇ ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸ਼ੱਕ ਹੈ ਕਿ ਉਹ ਬੱਟਾਰਾਮੁੱਲਾ ਸਥਿਤ ਆਰਮੀ ਹੈੱਡਕੁਆਰਟਰ ‘ਤੇ ਹਨ।






