ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦਾ ਦੌਰਾ ਕੀਤਾ। ਇਥੇ ਕਿਸਾਨ ਆਪਣੀ ਮੂੰਗੀ ਦੀ ਫਸਲ ਵਾਹ ਰਹੇ ਹਨ।
ਇਸ ਉਤੇ ਸੁਖਬੀਰ ਨੇ ਪੀੜਤ ਕਿਸਾਨਾਂ ਨਾਲ ਗੱਲ਼ਬਾਤ ਕੀਤੀ ਤੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ।
ਉਨ੍ਹਾਂ ਨੇ ਆਖਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੱਕਾਂਵਾਲੀ ਦੇ ਕਿਸਾਨ ਚਰਨਜੀਤ ਸਿੰਘ ਨੂੰ 60 ਏਕੜ ‘ਚ ਬੀਜੀ ਮੂੰਗੀ ਬੜੇ ਦੁੱਖ ਨਾਲ ਵਾਹੁਣੀ ਪਈ, ਕਿਉਂ ਕਿ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਮੂੰਗੀ ਲਾਉਣ ਲਈ ਕਹਿੰਦੇ ਹੋਏ ਬਿਆਨ ਤਾਂ ਦੇ ਦਿੱਤਾ, ਪਰ ਨਾ ਤਾਂ ਬੀਜਾਂ ਦੀ ਗੁਣਵੱਤਾ ‘ਤੇ ਗ਼ੌਰ ਕੀਤਾ, ਅਤੇ ਨਾ ਹੀ ਸਹੀ ਮੰਡੀਕਰਨ ਅਤੇ ਖਰੀਦ ਉਤੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਜ਼ੁਬਾਨ ‘ਤੇ ਭਰੋਸਾ ਕਰਕੇ ਮੂੰਗੀ ਕਾਸ਼ਤਕਾਰਾਂ ਨੂੰ ਬਹੁਤ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਅਤੇ ਮੇਰੀ ਅਪੀਲ ਹੈ ਕਿ ਸੂਬਾ ਸਰਕਾਰ ਇਹਨਾਂ ਨੂੰ ਘੱਟੋ-ਘੱਟ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਮੁਆਵਜ਼ਾ ਛੇਤੀ ਤੋਂ ਛੇਤੀ ਦੇਵੇ।






