ਅਮਰੀਕੀ ਕਾਂਗਰਸ ਦੇ ਇੱਕ ਸੀਨੀਅਰ ਵਫ਼ਦ ਨੇ ਕੀਵ ਵਿੱਚ ਯੁੱਧ ਪ੍ਰਭਾਵਿਤ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ (Volodymyr Zelenskyy) ਨਾਲ ਮੁਲਾਕਾਤ ਕੀਤੀ ਹੈ ਅਤੇ ਲਗਾਤਾਰ ਸਮਰਥਨ ਯਕੀਨੀ ਬਣਾਉਣ ਲਈ ਯਤਨਾਂ ਦਾ ਵਾਅਦਾ ਕੀਤਾ ਹੈ। 5 ਮਹੀਨਿਆਂ ਤੋਂ ਜੰਗ ਦਾ ਸਾਹਮਣਾ ਕਰ ਰਹੇ ਯੂਕਰੇਨ ‘ਚ ਆਰਮਡ ਸਰਵਿਸਿਜ਼ ਕਮੇਟੀ ਦੇ ਚੇਅਰਮੈਨ ਐਡਮ ਸਮਿਥ ਰਾਸ਼ਟਰਪਤੀ ਨੂੰ ਮਿਲਣ ਪਹੁੰਚੇ।
ਸਮਿਥ ਨੇ ਯੂਕਰੇਨ ਨੂੰ ਆਰਥਿਕ, ਫੌਜੀ ਅਤੇ ਮਾਨਵਤਾਵਾਦੀ ਸਹਾਇਤਾ ਜਾਰੀ ਰੱਖਣ ਦਾ ਭਰੋਸਾ ਦਿੱਤਾ ਹੈ। ਸਮਿਥ ਦੀ ਅਗਵਾਈ ਵਾਲੇ ਵਫ਼ਦ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਮਰੀਕਾ ਆਪਣੇ ਸਾਰੇ ਗਲੋਬਲ ਸਹਿਯੋਗੀਆਂ ਸਮੇਤ ਯੂਕਰੇਨ ਦੇ ਨਾਲ ਖੜ੍ਹਾ ਹੈ। ਉਨ੍ਹਾਂ ਯੂਕਰੇਨ ਦੀ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਉਹ ਯੂਕਰੇਨ ਦੇ ਲੋਕਾਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਸਹਿਯੋਗ ਕਰਦੇ ਰਹਿਣ ਦੀ ਕੋਸ਼ਿਸ਼ ਕਰਨਗੇ।
ਅਮਰੀਕਾ 4 ਆਰਟਿਲਰੀ ਰਾਕੇਟ ਸਿਸਟਮ ਪ੍ਰਦਾਨ ਕਰੇਗਾ
ਅਮਰੀਕਾ ਆਪਣੀ ਫੌਜੀ ਸਹਾਇਤਾ ਯੋਜਨਾ ਦੇ ਤਹਿਤ ਯੂਕਰੇਨ ਨੂੰ 4 ਹੋਰ ਹਾਈ ਮੋਬਿਲਿਟੀ ਆਰਟਿਲਰੀ ਰਾਕੇਟ ਸਿਸਟਮ ਦੇਣ ਜਾ ਰਿਹਾ ਹੈ। ਅਮਰੀਕਾ ਨੇ ਯੂਕਰੇਨ ਨੂੰ ਪਹਿਲਾਂ ਹੀ ਕੁੱਲ 12 ਆਰਟਿਲਰੀ ਰਾਕੇਟ ਸਿਸਟਮ ਦਿੱਤੇ ਹਨ। ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, ਅਮਰੀਕਾ ਨੇ ਹੁਣ ਤੱਕ ਯੂਕਰੇਨ ਲਈ $ 820 ਮਿਲੀਅਨ ਦੀ ਫੌਜੀ ਸਹਾਇਤਾ ਦਾ ਐਲਾਨ ਕੀਤਾ ਹੈ।
ਬ੍ਰਿਟੇਨ 1,600 ਤੋਂ ਜ਼ਿਆਦਾ ਐਂਟੀ-ਟੈਂਕ ਹਥਿਆਰਾਂ ਦੀ ਕਰੇਗਾ ਸਪਲਾਈ
ਅਮਰੀਕਾ ਦੇ ਨਾਲ-ਨਾਲ ਬ੍ਰਿਟੇਨ ਵੀ ਯੂਕਰੇਨ ਦੀ ਵੱਡੀ ਮਦਦ ਕਰ ਰਿਹਾ ਹੈ। ਬ੍ਰਿਟੇਨ ਰੂਸ ਨਾਲ ਲੜਾਈ ‘ਚ ਯੂਕਰੇਨ ਦੀ ਫੌਜ ਨੂੰ ਮਜ਼ਬੂਤ ਕਰਨ ਲਈ ਤੋਪਖਾਨੇ ਦੀਆਂ ਤੋਪਾਂ ਅਤੇ 1600 ਤੋਂ ਜ਼ਿਆਦਾ ਟੈਂਕ ਵਿਰੋਧੀ ਹਥਿਆਰਾਂ ਦੀ ਨਵੀਂ ਖੇਪ ਯੂਕਰੇਨ ਨੂੰ ਭੇਜ ਰਿਹਾ ਹੈ।
ਯੂਕਰੇਨ ਨੂੰ ਦਿੱਤੀ ਜਾਣ ਵਾਲੀ ਫੌਜੀ ਸਹਾਇਤਾ ਕਾਰਜਕਾਰੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੁਆਰਾ ਘੋਸ਼ਿਤ $1 ਬਿਲੀਅਨ ਤੋਂ ਵੱਧ ਦੀ ਫੌਜੀ ਸਹਾਇਤਾ ਦਾ ਹਿੱਸਾ ਹੈ। ਬ੍ਰਿਟੇਨ ਪਹਿਲਾਂ ਹੀ ਯੂਕਰੇਨ ਨੂੰ 7,000 ਐਂਟੀ-ਟੈਂਕ ਹਥਿਆਰ, ਸੈਂਕੜੇ ਮਿਜ਼ਾਈਲਾਂ ਅਤੇ ਬਖਤਰਬੰਦ ਲੜਾਕੂ ਵਾਹਨਾਂ ਦੇ ਨਾਲ-ਨਾਲ ਯੂਕਰੇਨ ਦੀ ਫੌਜ ਨੂੰ ਸਿਖਲਾਈ ਦੇ ਚੁੱਕਾ ਹੈ।





