ਮਿਜ਼ੋਰਮ ਵਿਚ ਭਾਰਤੀ ਜਨਤਾ ਪਾਰਟੀ ਦੇ ਇਕਲੌਤੇ ਵਿਧਾਇਕ ਬੁੱਧ ਧਾਨ ਚਕਮਾ ਸਮੇਤ 12 ਹੋਰ ਨੇਤਾਵਾਂ ਨੂੰ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਸੁਣਾਈ ਗਈ ਹੈ।
ਵਿਸ਼ੇਸ਼ ਜੱਜ ਵਨਲਾਲੇਨਮਾਵੀਆ ਨੇ 2013 ਤੋਂ 2018 ਦਰਮਿਆਨ ਚਕਮਾ ਆਟੋਨੋਮਸ ਡਿਸਟ੍ਰਿਕਟ ਕੌਂਸਲ (ਸੀਏਡੀਸੀ) ਦੇ 1.37 ਕਰੋੜ ਰੁਪਏ ਦੀ ਗਬਨ ਮਾਮਲੇ ਵਿਚ ਤੁਈਚਾਂਗ ਤੋਂ ਵਿਧਾਇਕ ਸਮੇਤ 13 ਲੋਕਾਂ ਨੂੰ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਨੇ 22 ਜੁਲਾਈ ਨੂੰ ਇਨ੍ਹਾਂ ਨੂੰ ਵਿਕਾਸ ਕਾਰਜਾਂ ਲਈ ਵਿਸ਼ੇਸ਼ ਸਹਾਇਤਾ ਫੰਡ ਵਿੱਚੋਂ ਪੈਸੇ ਕੱਢਣ ਅਤੇ ਆਪਣੀਆਂ ਅਧਿਕਾਰਤ ਸ਼ਕਤੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਸੀ। ਜਦੋਂ ਇਹ ਭ੍ਰਿਸ਼ਟਾਚਾਰ ਹੋਇਆ ਤਾਂ ਇਹ ਸਾਰੇ ਸੀ.ਏ.ਡੀ.ਸੀ. ਦੇ ਮੈਂਬਰ ਸਨ।
ਅਦਾਲਤ ਨੇ ਇਨ੍ਹਾਂ ਉਤੇ 10-10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ ਉਨ੍ਹਾਂ ਨੂੰ 30 ਦਿਨਾਂ ਦੀ ਹੋਰ ਕੈਦ ਕੱਟਣੀ ਪਵੇਗੀ।
ਅਦਾਲਤ ਨੇ ਸੁਣਵਾਈ ਤੋਂ ਤੁਰੰਤ ਬਾਅਦ ਦੋਸ਼ੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ। ਉਨ੍ਹਾਂ ਦੇ ਵਕੀਲ ਨੇ ਪਟੀਸ਼ਨ ਪਾਈ ਸੀ ਕਿ ਉਹ ਇਸ ਫੈਸਲੇ ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇਣਗੇ। ਭ੍ਰਿਸ਼ਟਾਚਾਰ ਦਾ ਇਹ ਮਾਮਲਾ ਤਤਕਾਲੀ ਭਾਜਪਾ ਜਨਰਲ ਸਕੱਤਰ ਅਤੇ ਮੌਜੂਦਾ ਪਾਰਟੀ ਦੇ ਸੂਬਾ ਪ੍ਰਧਾਨ ਵਨਲਾਲਹਮੁਕਾ ਨੇ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ 2013 ਵਿੱਚ ਤਤਕਾਲੀ ਰਾਜਪਾਲ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ।
ਚਕਮਾ ਨੇ ਬਾਅਦ ਵਿੱਚ ਕਾਂਗਰਸ ਤੋਂ ਚੋਣ ਲੜ ਕੇ ਵਿਧਾਨ ਸਭਾ ਚੋਣਾਂ ਜਿੱਤੀਆਂ। ਫਿਰ ਉਹ ਲਾਲ ਥਨਹਵਲਾ ਦੀ ਅਗਵਾਈ ਵਾਲੀ ਤਤਕਾਲੀ ਰਾਜ ਸਰਕਾਰ ਵਿੱਚ ਮੰਤਰੀ ਵੀ ਰਹੇ। ਹਾਲਾਂਕਿ ਉਨ੍ਹਾਂ ਨੇ 2017 ‘ਚ ਅਸਤੀਫਾ ਦੇ ਦਿੱਤਾ ਸੀ। ਬਾਅਦ ਵਿੱਚ ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਅਤੇ 2018 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਬਣੇ। ਉਹ ਸਰਹੱਦੀ ਉੱਤਰ-ਪੂਰਬੀ ਰਾਜ ਤੋਂ ਭਾਜਪਾ ਦੇ ਪਹਿਲੇ ਵਿਧਾਇਕ ਬਣੇ।






