ਲੁਧਿਆਣਾ- ਵਿਜੀਲੈਂਸ ਬਿਊਰੋ ਨੇ ਕਰੋੜਾਂ ਰੁਪਏ ਦੇ ਟੈਂਡਰ ਵੰਡ ਘੁਟਾਲੇ ਵਿੱਚ ਫੱਸੇ ਸਾਬਕਾ ਖੁਰਾਕ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਦੀ ਸ਼ਹਿਰ ਦੀ ਪ੍ਰਮੁੱਖ ਥਾਵਾਂ ਵਿੱਚ ਕਰੋੜਾਂ ਰੁਪਏ ਦੀ ਛੇ ਜਾਇਦਾਦਾਂ ਦੀ ਪਛਾਣ ਕੀਤੀ ਹੈ। ਵਿਜੀਲੈਂਸ ਬਿਊਰੋ ਦਾ ਦਾਅਵਾ ਹੈ ਕਿ ਇਹ ਜਾਇਦਾਦਾਂ ਭ੍ਰਿਸ਼ਟਾਚਾਰ ਦੇ ਪੈਸੇ ਨਾਲ ਹਾਸਲ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਜ਼ਬਤ ਕਰ ਲਿਆ ਜਾਵੇਗਾ।
ਇੱਕ ਰਿਪੋਰਟ ਵਿੱਚ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਬਕਾ ਮੰਤਰੀ ਦੇ ਪੀਏ ਨੇ ਇਹ ਜਾਇਦਾਦਾਂ ਕਾਂਗਰਸ ਦੇ ਕਾਰਜਕਾਲ ਦੌਰਾਨ ਬਣਾਈਆਂ ਸਨ, ਜਦੋਂ ਆਸ਼ੂ ਕੈਬਨਿਟ ਮੰਤਰੀ ਸਨ। ਵੀ.ਬੀ ਨੇ ਲੁਧਿਆਣਾ ਨਗਰ ਨਿਗਮ ਤੋਂ ਜਾਇਦਾਦ ਦਾ ਰਿਕਾਰਡ ਲੈ ਕੇ ਸਕੈਨ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਜਾਇਦਾਦਾਂ ਭ੍ਰਿਸ਼ਟ ਪ੍ਰਥਾਵਾਂ ਰਾਹੀਂ ਵਿਕਸਤ ਕੀਤੀਆਂ ਗਈਆਂ ਸਨ, ਇਸ ਲਈ ਇਨ੍ਹਾਂ ਨੂੰ ਕੁਰਕ ਕੀਤੇ ਜਾਣ ਦੀ ਸੰਭਾਵਨਾ ਹੈ।
ਵਿਜੀਲੈਂਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਮਲਹੋਤਰਾ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਦੇ ਨਾਂ ‘ਤੇ ਕੁਝ ਜਾਇਦਾਦਾਂ ਵੀ ਖਰੀਦੀਆਂ ਹਨ। ਇਸ ਦੌਰਾਨ ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਅਧਿਕਾਰੀਆਂ ਨੇ ਸਾਬਕਾ ਕੈਬਨਿਟ ਮੰਤਰੀ ਦੇ ਸੀਏ ਨੂੰ ਉਸ ਦੀਆਂ ਜਾਇਦਾਦਾਂ ਬਾਰੇ ਦੋ ਦਰਜਨ ਸਵਾਲਾਂ ਦੀ ਸੂਚੀ ਦਿੱਤੀ ਸੀ। ਸੀਏ ਨੂੰ ਅੱਜ, ਵੀਰਵਾਰ ਨੂੰ ਜਾਇਦਾਦਾਂ ਦੀ ਸੂਚੀ ਸੌਂਪਣੀ ਹੋਵੇਗੀ।






