Teachers’ Day 2022: ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸੋਮਵਾਰ ਅਧਿਆਪਕ ਦਿਵਸ ਉਪਰ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੰਦਿਆਂ 3 ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਅਧਿਆਪਕਾਂ ਲਈ ਪਹਿਲੇ ਐਲਾਨ ਵਿੱਚ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀ ਦੇ ਅਧਿਆਪਕਾਂ (Teachers of government colleges and universities) ਲਈ ਯੂਜੀਸੀ ਦੇ ਸੋਧੇ ਸੱਤਵੇਂ ਪੇ ਕਮਿਸ਼ਨ ਲਾਗੂ (7th Pay Commission of UGC) ਕਰਨ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਤਵਾਂ ਪੇ ਕਮਿਸ਼ਨ 8 ਅਕਤੂਬਰ 2022 ਤੋਂ ਲਾਗੂ ਹੋਵੇਗਾ।
ਮੁੱਖ ਮੰਤਰੀ ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਅਧਿਆਪਕ ਦਿਵਸ ਹੈ ਅਤੇ ਅਧਿਆਪਕ ਹੀ ਦੇਸ਼ ਦੇ ਅਸਲੀ ਨਿਰਮਾਤਾ ਹੁੰਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਦੇ ਵੀ ਉਨ੍ਹਾਂ ਸਾਰੇ ਅਧਿਆਪਕਾਂ ਨੂੰ ਵਧਾਈ ਦਿੰਦਾ ਹਾਂ ਜਿਹੜੇ ਪੰਜਾਬ ਦੀਆਂ ਨੀਂਹਾਂ ਮਜਬੂਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮਾਪਿਆਂ ਤੋਂ ਬਾਅਦ ਗਿਆਨ ਦੇਣ ਵਾਲੇ ਅਧਿਆਪਕ ਹੀ ਹੁੰਦੇ ਹਨ। ਇਹ ਅਧਿਆਪਕ ਦਿਵਸ ਦਾ ਦਿਨ ਮੇਰੇ ਲਈ ਵੀ ਖ਼ਾਸ ਹੈ ਕਿਉਂ ਮੈਂ ਵੀ ਇੱਕ ਅਧਿਆਪਕ ਦਾ ਮੁੰਡਾ ਹਾਂ।
ਗੈਸਟ ਫੈਕਲਟੀ ਅਧਿਆਪਕਾਂ ਦੇ ਮਾਣ ਭੱਤੇ ਵਿੱਚ ਕੀਤਾ ਵਾਧਾ
ਇਸੇ ਤਰ੍ਹਾਂ ਮੁੱਖ ਮੰਤਰੀ ਮਾਨ ਨੇ ਐਲਾਨ ਵਿੱਚ ਕਿਹਾ ਕਿ ਜਿਹੜੇ ਅਧਿਆਪਕ ਸਰਕਾਰੀ ਕਾਲਜਾਂ ਵਿੱਚ ਲੰਮੇ ਸਮੇਂ ਤੋਂ ਗੈਸਟ ਫੈਕਲਟੀ ਦੇ ਤੌਰ ‘ਤੇ ਕੰਮ ਕਰ ਰਹੇ ਹਨ ਉਨ੍ਹਾਂ ਦੇ ਮਾਣ-ਭੱਤੇ ਵਿੱਚ ਸਨਮਾਨਯੋਗ ਵਾਧਾ ਕੀਤਾ ਜਾਂਦਾ ਹੈ।
ਗੈਸਟ ਫੈਕਲਟੀ ਅਧਿਆਪਕਾਂ ਦੀ ਭਰਤੀ ਦਾ ਐਲਾਨ
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸਰਕਾਰ ਵੱਲੋਂ ਹੋਰ ਵੀ ਗੈਸਟ ਫੈਕਲਟੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ, ਜਿਸ ਸਬੰਧੀ ਕੈਬਨਿਟ ਵਿੱਚ ਮਨਜੂਰੀ ਦੇ ਦਿੱਤੀ ਗਈ ਹੈ। ਉਧਰ, ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਵਾਲੀ ਪੰਜਾਬ ਸਰਕਾਰ ਦੀ ਸਬ ਕਮੇਟੀ ਨੇ ਮੁੱਖ ਮੰਤਰੀ ਨੂੰ ਆਪਣੀ ਰਿਪੋਰਟ ਵੀ ਸੌਂਪ ਦਿੱਤੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਕੱਚੇ ਮੁਲਾਜ਼ਮਾਂ ਨੂੰ ਵੀ ਮੁੱਖ ਮੰਤਰੀ ਛੇਤੀ ਹੀ ਪੱਕਾ ਕਰਨ ਦਾ ਤੋਹਫਾ ਦੇ ਸਕਦੇ ਹਨ।






