Irregation Scam: ਹਜ਼ਾਰਾਂ ਕਰੋੜ ਦੇ ਸਿੰਜਾਈ ਘਪਲੇ ਵਿੱਚ 2 ਸਾਬਕਾ ਅਕਾਲੀ ਮੰਤਰੀਆਂ ਦਾ ਨਾਂਅ ਸਾਹਮਣੇ ਆ ਰਿਹਾ ਹੈ, ਜਿਸ ‘ਤੇ ਹੁਣ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਣ ਬੁੱਝ ਕੇ ਘਪਲੇ ਵਿੱਚ ਉਨ੍ਹਾਂ ਨੂੰ ਫਸਾ ਰਹੀ ਹੈ। ਇਹ ਸਭ ਝੂਠ ਦਾ ਪੁਲੰਦਾ ਖੜਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇੱਕ ਪੈਸੇ ਦੀ ਵੀ ਹੇਰਾ ਫੇਰੀ ਨਹੀਂ ਕੀਤੀ, ਜੇਕਰ ਅਜਿਹਾ ਹੋਇਆ ਤਾਂ ਭਾਵੇਂ ਉਨ੍ਹਾਂ ਨੂੰ ਫਾਂਸੀ ਲਾ ਦਿਓ। ਉਨ੍ਹਾਂ ਕਿਹਾ ਕਿ ਵਕੀਲਾਂ ਅਤੇ ਹੋਰਾਂ ਤੋਂ ਵੀ ਪਤਾ ਲੱਗਿਆ ਹੈ ਕਿ ਜੋ ਇਨ੍ਹਾਂ ਵੱਲੋਂ ਮੁੱਖ ਗਵਾਹ ਬਣਾਇਆ ਗਿਆ ਹੈ, ਉਸ ਵਿਰੁੱਧ ਵੀ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੋ ਮੁੱਖ ਮੰਤਰੀ ਨੂੰ ਤੱਥ ਦਿੱਤੇ ਗਏ ਹਨ ਪਿਛਲੇ ਦਿਨੀ ਉਹ ਸਭ ਝੂਠੇ ਹਨ ਅਤੇ ਇਹ ਤੱਥ ਉਹ ਬਾਕਾਇਦਾ ਸਾਹਮਣੇ ਰੱਖਣਗੇ। ਉਨ੍ਹਾਂ ਕਿਹਾ ਕਿ ਠੇਕੇਦਾਰ ਨੇ ਜਿਹੜੇ ਪੈਸੇ ਲੈਣ ਦੀ ਗੱਲ ਕਹੀ ਹੈ, ਉਸ ਚਲਾਨ ਦੀ ਚਿੱਠੀ ਵੀ ਫਾਈਲ ਵਿੱਚ ਲਗਾਉਣੀ ਚਾਹੀਦੀ ਸੀ, ਫਿਰ ਉਹ ਕਿਉਂ ਨਹੀਂ ਲਗਾਈ ਗਈ, ਕੀ ਉਹ ਤੱਥ ਨਹੀਂ ਹੈ। ਕਿਉਂਕਿ ਇਹ ਸਿਰਫ਼ ਉਨ੍ਹਾਂ ਨੂੰ ਬਦਨਾਮ ਕਰਨ ਲਈ ਕੀਤਾ ਜਾ ਰਿਹਾ ਹੈ।
ਵਿਜੀਲੈਂਸ ਨੇ ਜਾਰੀ ਕੀਤਾ ਹੈ ਲੁਕ ਆਊਟ ਨੋਟਿਸ
ਦੱਸ ਦੇਈਏ ਕਿ ਬੀਤੇ ਦਿਨ ਕਥਿਤ ਸਿੰਚਾਈ ਘਪਲੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ 2 ਸਾਬਕਾ ਅਕਾਲੀ ਮੰਤਰੀਆਂ ਜਨਮੇਜਾ ਸਿੰਘ ਸੇਖੋਂ ਅਤੇ ਸ਼ਰਨਜੀਤ ਸਿੰਘ ਢਿੱਲੋਂ ਵਿਰੁੱਧ ਲੁਕ ਆਊਟ ਨੋਟਿਸ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੰਚਾਈ ਘਪਲੇ ਵਿੱਚ ਵਿਜੀਲੈਂਸ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਸਨ, ਜਿਸ ਪਿੱਛੋਂ ਵਿਜੀਲੈਂਸ ਨੇ ਦੋਵੇਂ ਮੰਤਰੀਆਂ ਸਮੇਤ 5 ਅਧਿਕਾਰੀਆਂ ਵਿਰੁੱਧ ਐਲਓਸੀ ਜਾਰੀ ਕੀਤਾ ਹੈ।






