ਬੀਤੇ ਦਿਨ ਨਾਭਾ ਬਲਾਕ ਦੇ ਪਿੰਡ ਮੈਹਸ਼ ਦਾ 18 ਸਾਲਾ ਨੌਜਵਾਨ ਗੁਰਬਖਸ਼ੀਸ਼ ਸਿੰਘ ਉਰਫ ਹਨੀ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ। ਜਿਸ ਤਹਿਤ ਨਾਭਾ ਸਦਰ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਦੋ ਮੁਲਜ਼ਮਾਂ ਨੂੰ ਧਰ ਦਬੋਚਿਆ।
ਨਾਭਾ ਸਦਰ ਪੁਲਿਸ ਵੱਲੋਂ ਧਾਰਾ 304 ਆਈ.ਪੀ.ਸੀ ਦੇ ਤਹਿਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਮਾਮਲਾ ਦਰਜ ਕਰਕੇ ਸਲਾਖਾਂ ਪਿੱਛੇ ਪਹੁੰਚਾ ਦਿੱਤਾ। ਡੀ.ਐਸ.ਪੀ ਨੇ ਦੱਸਿਆ ਕਿ ਇਸ ਦੇ ਦੋਸਤ ਵੱਲੋਂ ਹੀ ਚਿੱਟਾ ਦਿੱਤਾ ਸੀ ਅਤੇ ਗੁਰਬਖਸ਼ੀਸ਼ ਸਿੰਘ ਚਿੱਟੇ ਦੀ ਓਵਰਡੋਜ਼ ਦੇ ਨਾਲ ਤ ਹੋਈ ਸੀ।
ਨਾਭਾ ਸਦਰ ਪੁਲਿਸ ਵੱਲੋਂ ਮ੍ਰਿਤਕ ਗੁਰਬਖ਼ਸ਼ੀਸ਼ ਸਿੰਘ ਦੇ ਪਿੰਡ ਮੈਹਸ਼ ਦੇ ਹੀ 21 ਸਾਲਾ ਨੌਜਵਾਨ ਮੇਜਰ ਸਿੰਘ ਅਤੇ ਉਸ ਦੇ ਸਾਥੀ ਰਵੀ ਸਿੰਘ ਵਾਸੀ ਪਿੰਡ ਖੇੜੀ ਗਿੱਲਾਂ ਨੂੰ ਗ੍ਰਿਫਤਾਰ ਕੀਤਾ ਹੈ। ਰਵੀ ਸਿੰਘ ਉਤੇ ਪਹਿਲਾਂ ਹੀ ਦੋ ਐੱਨ.ਡੀ.ਪੀ.ਸੀ ਐਕਟ ਦੇ ਮਾਮਲੇ ਦਰਜ ਹਨ ਅਤੇ ਤਿੰਨ ਦਿਨ ਪਹਿਲਾਂ ਹੀ ਰਵੀ ਸਿੰਘ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਗੁਰਬਖਸ਼ੀਸ਼ ਸਿੰਘ ਅਤੇ ਮੇਜਰ ਸਿੰਘ ਰਵੀ ਸਿੰਘ ਤੋ ਚਿੱਟਾ ਲੈ ਕੇ ਗਏ ਸਨ।
ਗੁਰਬਖਸ਼ੀਸ਼ ਸਿੰਘ ਨੇ ਪਹਿਲਾਂ ਚਿੱਟੇ ਦਾ ਇਕ ਇੰਜੈਕਸ਼ਨ ਲਗਾਇਆ ਅਤੇ ਬਾਅਦ ਵਿੱਚ ਦੂਜਾ ਵੀ ਲਗਾ ਲਿਆ। ਉਸ ਤੋਂ ਬਾਅਦ ਓਵਰਡੋਜ਼ ਦੇ ਨਾਲ ਉਸ ਦੀ ਮੌਤ ਹੋ ਗਈ। ਇਸ ਮੌਕੇ ਨਾਭਾ ਦੇ ਡੀ.ਐੱਸ.ਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਜੋ ਬੀਤੇ ਦਿਨੀਂ ਗੁਰਬਖਸ਼ੀਸ਼ ਸਿੰਘ ਦੀ ਓਵਰਡੋਜ਼ ਨਾਲ ਮੌਤ ਹੋਈ ਸੀ, ਉਸ ਦੇ ਸਬੰਧ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਦੀ ਉਮਰ 20 ਤੋਂ 22 ਸਾਲ ਹੈ।
ਮ੍ਰਿਤਕ ਗੁਰਬਖਸ਼ੀਸ਼ ਸਿੰਘ ਤੇ ਮੇਜਰ ਸਿੰਘ ਇਹ ਦੋਵੇਂ ਚਿੱਟਾ ਲੈਣ ਲਈ ਭਵਾਨੀਗੜ੍ਹ ਸ਼ਹਿਰ ਦੇ ਪੈਂਦੇ ਪਿੰਡ ਖੇੜੀ ਗਿੱਲਾਂ ਵਿਖੇ ਰਵੀ ਸਿੰਘ ਕੋਲ ਗਏ ਸਨ। ਪੁਲਿਸ ਨੇ ਬਰੀਕੀ ਨਾਲ ਛਾਣਬੀਣ ਕਰ ਕੇ ਹੁਣ ਮੇਜਰ ਸਿੰਘ ਅਤੇ ਰਵੀ ਸਿੰਘ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।






