ਸਮਰਾਲਾ ਹਲਕੇ ਦੇ ਪਿੰਡ ਭਗਵਾਨਪੁਰਾ ਦੀ ਚਰਨਜੀਤ ਕੌਰ ਕੋਲ ਕਿਸੇ ਵੇਲੇ ਆਰਥਿਕ ਤੰਗੀ ਕਾਰਨ ਆਪਣੇ ਬੱਚੇ ਦੀ 10 ਰੁਪਏ ਸਕੂਲ ਫੀਸ ਦੇਣ ਲਈ ਪੈਸੇ ਨਹੀਂ ਸਨ ਪਰ ਅੱਜ ਖੁਦ ਆਤਮ ਨਿਰਭਰ ਹੋ ਹੋਰਨਾਂ ਮਹਿਲਾਵਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ। ਚਰਨਜੀਤ ਕੌਰ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਹੈ ਜੋ ਛੋਟੀ ਜਿਹੀ ਨਾਕਾਮਯਾਬੀ ਕਾਰਨ ਨਿਰਾਸ਼ ਹੋ ਹੌਸਲਾ ਛੱਡ ਜਾਂਦੇ ਹਨ।
ਚਰਨਜੀਤ ਕੌਰ ਪਿੰਡ ਭਗਵਾਨਪੁਰਾ ਵਿੱਚ ਅਪਣੇ ਪਤੀ, ਤਿੰਨ ਬੱਚਿਆਂ ਅਤੇ ਸੱਸ ਨਾਲ ਜੀਵਨ ਬਤੀਤ ਕਰ ਰਹੀ ਹੈ। ਉਸ ਦਾ ਪਤੀ ਕੱਪੜੇ ਪ੍ਰੈਸ ਕਰਨ ਦਾ ਕੰਮ ਕਰਦਾ ਸੀ ਅਤੇ ਦਿਹਾੜੀ ਵਿਚ ਕਦੇ ਪੈਸੇ ਬਣਦੇ ਅਤੇ ਕਦੇ ਨਾ ਬਣਦੇ ਜਿਸ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਿਲ ਹੋ ਰਿਹਾ ਸੀ।
ਇੱਕ ਦਿਨ ਚਰਨਜੀਤ ਕੌਰ ਨੇ ਆਪਣੇ ਪੁੱਤਰ ਦੀ 10 ਰੁਪਏ ਸਕੂਲ ਫ਼ੀਸ ਭਰਨੀ ਸੀ ਪਰ ਉਹਨਾਂ ਕੋਲ ਪੈਸੇ ਨਹੀਂ ਸਨ। ਚਰਨਜੀਤ ਕੌਰ ਨੇ ਅਪਣੇ ਗੁਆਂਢੀਆਂ ਤੋਂ ਬੱਚੇ ਦੀ ਫ਼ੀਸ ਲਈ 10 ਰੁਪਏ ਮੰਗੇ ਪਰ ਉਸ ਨੂੰ ਕਿਸੇ ਵੀ ਘਰ ਤੋਂ ਉਧਾਰੇ ਪੈਸੇ ਨਾ ਮਿਲੇ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਦਾ ਹੱਥ ਵਟਾਉਣ ਲਈ ਖੁਦ ਕੰਮ ਕਰਨ ਦਾ ਫ਼ੈਸਲਾ ਕੀਤਾ। 2007 ਵਿੱਚ ਬੈਗ ਬਣਾਉਣ ਦਾ ਕੰਮ ਸਿੱਖਿਆ ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਸੈਲਫ ਹੈਲਪ ਗਰੁੱਪ ਬਣਾ ਕੇ ਹੋਰਨਾਂ ਮਹਿਲਾਵਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਵਾ ਰਹੀ ਹੈ।
ਚਰਨਜੀਤ ਕੌਰ ਮੁਤਾਬਕ ਔਰਤਾਂ ਨੂੰ ਘਰ ਦੇ ਕੰਮ ਦੇ ਨਾਲ ਹੋਰ ਸਹਾਇਕ ਧੰਦਿਆਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਹ ਸਕੂਲ ਬੈਗ, ਕੈਰੀ ਬੈਗ, ਲੇਡੀਜ਼ ਪਰਸ ਬਣਾਉਣ, ਵੇਚਨ ਦਾ ਆਪਣੇ ਗਰੁੱਪ ਸਮੇਤ ਕੰਮ ਕਰ ਰਹੀ ਹੈ। ਹੁਣ ਉਹ ਖੁਦ ਔਰਤਾਂ ਅਤੇ ਲੜਕੀਆਂ ਨੂੰ ਕੰਮ ਸਿਖਾ ਕੇ ਆਤਮ ਨਿਰਭਰ ਬਣਾ ਰਹੀ ਹੈ। ਚਰਨਜੀਤ ਕੌਰ ਮੁਤਾਬਕ ਉਸ ਦੀ ਧੀ ਵੀ ਨੇ ਵੀ ਸਹੁਰੇ ਘਰ ਆਪਣੀ ਸੱਸ ਨਾਲ ਬੈਗ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਚਰਨਜੀਤ ਕੌਰ ਕੋਲ ਕੰਮ ਸਿੱਖ ਕਈ ਲੜਕੀਆ ਅਤੇ ਔਰਤਾਂ ਆਪਣੇ ਘਰ ਦਾ ਵਧੀਆ ਗੁਜ਼ਾਰਾ ਕਰ ਰਹੀਆਂ ਹਨ। ਕੁਲਵਿੰਦਰ ਕੌਰ ਦਾ ਕਹਿਣਾ ਹੈ ਕਿ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਉਹਨਾਂ ਦੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ, ਫਿਰ ਉਹਨਾਂ ਚਰਨਜੀਤ ਕੌਰ ਕੋਲੋਂ ਫਰੀ ਵਿੱਚ ਕੰਮ ਸਿੱਖ ਕੇ ਆਪਣਾ ਕੰਮ ਸ਼ੁਰੂ ਕੀਤਾ ਜਿਸ ਨਾਲ ਕੁਲਵਿੰਦਰ ਕੌਰ ਦੇ ਘਰ ਦਾ ਗੁਜ਼ਾਰਾ ਹੋਣ ਲੱਗਾ।
ਕੁਲਵਿੰਦਰ ਕੌਰ ਮੁਤਾਬਕ ਉਸ ਦੀਆ ਦੋ ਵੱਡੀਆ ਭੈਣਾਂ ਹਨ ਜਿਹਨਾਂ ਦਾ ਵਿਆਹ ਉਸ ਨੇ ਇਸ ਕੰਮ ਤੋਂ ਪੈਸੇ ਕਮਾ ਕੇ ਕੀਤਾ।






