ਜਿਸ ਵੇਲੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਸ ਤਤੋਂ ਬਾਅਦ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਰੁਖ ਅਪਣਾ ਲਿਆ ਸੀ ਜੋ ਹੁਣ ਵੀ ਬਰਕਰਾਰ ਹੈ।ਇਸੇ ਲੜੀ ਮੁਤਾਬਕ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਗਈ ਮੁਹਿੰਮ ਦੌਰਾਨ ਸਨਅਤੀ ਸ਼ਹਿਰ ਲੁਧਿਆਣਾ ਦੇ ਢੰਡਾਰੀ ਕਲਾਂ ਵਿਖੇ ਤਾਇਨਾਤ ਮਾਲ ਪਟਵਾਰੀ ਮਨਦੀਪ ਸਿੰਘ ਅਤੇ ਇੱਕ ਪ੍ਰਾਈਵੇਟ ਵਿਅਕਤੀ ਸੋਨੀ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਦੇ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ
ਰਿਸ਼ਵਤਖੋਰ ਪਟਵਾਰੀ ਅਤੇ ਉਸ ਦੇ ਸਹਿਯੋਗੀ ਨੂੰ ਕਾਬੂ ਕਰਨ ਤੋਂ ਬਾਅਦ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪਟਵਾਰੀ ਮਨਦੀਪ ਸਿੰਘ ਨੂੰ ਦਲਜੀਤ ਸਿੰਘ ਵਾਸੀ ਕਬੀਰ ਨਗਰ ਲੁਧਿਆਣਾ ਸ਼ਹਿਰ ਦੀ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਜਾਣਕਾਰੀ ਦਿੱਤੀ ਸੀ ਅਤੇ ਇਹ ਇਲਜ਼ਾਮ ਲਾਇਆ ਹੈ ਕਿ ਉਸ ਦੀ ਮਾਤਾ ਦੇ ਨਾਂ ‘ਤੇ ਰਜਿਸਟਰਡ ਪਲਾਟ ਦਾ ਰਿਕਾਰਡ ਦੇਣ ਬਦਲੇ ਇਸ ਪਟਵਾਰੀ ਅਤੇ ਉਸ ਦੇ ਕਾਰਿੰਦੇ ਨੇ ਉਨ੍ਹਾਂ ਤੋਂ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮੁਲਜ਼ਮ ਵਿਚੋਲੇ ਨੂੰ ਪਹਿਲੀ ਕਿਸ਼ਤ ਵਜੋਂ 1000 ਰੁਪਏ ਪਹਿਲਾਂ ਹੀ ਰਿਸ਼ਵਤ ਦੇ ਰੂਪ ਵਿੱਚ ਦੇ ਚੁੱਕੇ ਹਨ।
ਪੂਰੀ ਪਲਾਨਿੰਗ ਕਰ ਕੇ ਕਾਬੂ ਕੀਤਾ ਰਿਸ਼ਵਤਖੋਰ ਪਟਵਾਰੀ
ਸ਼ਿਕਾਇਤਕਰਤਾ ਦੀ ਇਸ ਸੂਚਨਾ ਦੀ ਤਸਦੀਕ ਕਰਨ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜ਼ਮ ਪਟਵਾਰੀ ਅਤੇ ਉਸ ਦੇ ਵਿਚੋਲੇ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 5,000 ਰੁਪਏ ਰਿਸ਼ਵਤ ਲੈਂਦਿਆਂ ਮੌਕੇ ‘ਤੇ ਹੀ ਕਾਬੂ ਕਰ ਲਿਆ।ਬੁਲਾਰੇ ਨੇ ਦੱਸਿਆ ਕਿ ਉਕਤ ਦੋਹਾਂ ਮੁਲਜ਼ਮਾਂ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਆਰਥਿਕ ਅਪਰਾਧ ਸ਼ਾਖਾ ਥਾਣਾ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।






