ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਅੱਜ ਇਕ ਹੁਕਮ ਜਾਰੀ ਕਰ ਕੇ ਰਿਸ਼ਵਤ ਦੇ ਦੋਸ਼ਾਂ ਤਹਿਤ ਥਾਣਾ ਸਦਰ ਦੀ ਐਸ.ਐਚ.ਓ. ਅਮਨਜੀਤ ਕੌਰ ਨੂੰ ਮੁਅੱਤਲ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਹੈ । ਇਹ ਮਹਿਲਾ ਅਧਿਕਾਰੀ ਲੁਧਿਆਣਾ ਦੇ ਸਰਾਭਾ ਨਗਰ ਥਾਣੇ ਵਿੱਚ ਤਾਇਨਾਤ ਸੀ। ਇਸ ਅਧਿਕਾਰੀ ਦੀ ਤਾਇਨਾਤੀ ਨੂੰ 4 ਤੋਂ 5 ਦਿਨ ਹੀ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਮਹਿਲਾ ਅਧਿਕਾਰੀ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਸਿਫਾਰਿਸ਼ ‘ਤੇ ਇੱਥੇ ਤਾਇਨਾਤ ਹੋਈ ਸੀ। ਵਿਧਾਇਕ ਨੂੰ ਵੀ ਸ਼ਾਇਦ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਜਿਸ ਮਹਿਲਾ ਅਧਿਕਾਰੀ ਦੀ ਉਹ ਸਿਫ਼ਾਰਿਸ਼ ਕਰ ਰਹੇ ਹਨ, ਉਸ ‘ਤੇ ਮੋਹਾਲੀ ਸਾਈਬਰ ਕ੍ਰਾਈਮ ‘ਚ 1 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਗੰਭੀਰ ਦੋਸ਼ ਲੱਗ ਰਹੇ ਹਨ। ਜਾਂਚ ਅਧਿਕਾਰੀ ਨੇ ਦੱਸਿਆ ਕਿ ਉਕਤ ਮਹਿਲਾ ਐਸ.ਐਚ.ਓ. ਖ਼ਿਲਾਫ਼ ਰਿਸ਼ਵਤ ਦੇ ਦੋਸ਼ਾਂ ਤਹਿਤ ਜਾਂਚ ਚੱਲ ਰਹੀ ਸੀ। ਜਾਂਚ ਇਸ ਦੌਰਾਨ ਹੀ ਉਸ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਪੁਲੀਸ ਨੂੰ ਵੀ ਮਹਿਲਾ ’ਤੇ ਲੱਗੇ ਦੋਸ਼ਾਂ ਦੀ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਮਹਿਲਾ ਪੁਲੀਸ ਅਧਿਕਾਰੀ ਨੇ ਥਾਣੇ ਦਾ ਚਾਰਜ ਸੰਭਾਲਣ ਤੋਂ ਪਹਿਲਾਂ ਉੱਚ ਅਧਿਕਾਰੀਆਂ ਨੂੰ ਇਹ ਜਾਣਕਾਰੀ ਦਿੱਤੀ ਸੀ। ਇਸ ਮਾਮਲੇ ਵਿੱਚ ਜ਼ਿਲ੍ਹਾ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਮਹਿਲਾ ਐਸਐਚਓ ਅਮਨਜੋਤ ਸੰਧੂ ਨੂੰ ਮੁਅੱਤਲ ਕਰ ਦਿੱਤਾ ਹੈ।






