ਅੰਮ੍ਰਿਤਸਰ: ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕ ਲਹਿਰ ਸਿਰਜਣ ਦੇ ਮੱਦੇਨਜ਼ਰ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਨੂੰ ਹੋਰ ਤੇਜ ਕਰਦਿਆਂ ਹੁਣ ਪ੍ਰਚਾਰਕ ਜਥਿਆਂ ਰਾਹੀਂ ਇਸ ਨੂੰ ਪਿੰਡ ਪੱਧਰ ’ਤੇ ਤੱਕ ਲਿਜਾਇਆ ਜਾ ਰਿਹਾ ਹੈ। ਇਹ ਦਸਤਖ਼ਤੀ ਮੁਹਿੰਮ 1 ਦਸੰਬਰ 2022 ਨੂੰ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹੁਣ ਤੀਕ ਲੱਖਾਂ ਪ੍ਰੋਫਾਰਮੇ ਭਰੇ ਜਾ ਚੁੱਕੇ ਹਨ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਦੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਭਾਵੇਂ ਅਰਸੇ ਤੋਂ ਵੱਖ-ਵੱਖ ਤਰੀਕਿਆਂ ਰਾਹੀਂ ਆਪਣੀ ਅਵਾਜ਼ ਉਠਾਉਂਦੀ ਆ ਰਹੀ ਹੈ, ਪਰੰਤੂ ਹੁਣ ਇਸ ਨੂੰ ਲੋਕ ਲਹਿਰ ਸਿਰਜਣ ਦੇ ਮਨੋਰਥ ਨਾਲ ਦਸਤਖ਼ਤੀ ਮੁਹਿੰਮ ਤਹਿਤ ਅੱਗੇ ਵਧਾਇਆ ਜਾ ਰਿਹਾ ਹੈ।ਇਸੇ ਤਹਿਤ ਹੀ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਹੁਣ ਤੱਕ 10 ਲੱਖ ਤੋਂ ਵੱਧ ਪ੍ਰੋਫਾਰਮੇ ਭਰੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪ੍ਰਚਾਰਕ ਜਥਿਆਂ ਵੱਲੋਂ ਜਿਥੇ ਜਿਥੇ ਵੀ ਧਰਮ ਪ੍ਰਚਾਰ ਲਹਿਰ ਤਹਿਤ ਸਮਾਗਮ ਕੀਤੇ ਜਾਂਦੇ ਹਨ, ਉਥੇ ਸੰਗਤਾਂ ਨੂੰ ਇਹ ਪ੍ਰੋਫਾਰਮੇ ਭਰਨ ਲਈ ਅਪੀਲ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰੋਫਾਰਮੇ ਭਰਵਾਉਣ ਦਾ ਕਾਰਜ ਮੁਕੰਮਲ ਕਰਨ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਤਹਿਤ ਸਮਾਂ ਨਿਰਧਾਰਤ ਕਰਕੇ ਭਾਰਤ ਦੇ ਰਾਸ਼ਟਰਪਤੀ ਦੇ ਨਾਂ ’ਤੇ ਇਕ ਪੱਤਰ ਸਮੇਤ ਪ੍ਰੋਫਾਰਮੇ ਪੰਜਾਬ ਦੇ ਰਾਜਪਾਲ ਨੂੰ ਸੌਂਪੇ ਜਾਣਗੇ।
ਭਾਈ ਗਰੇਵਾਲ ਨੇ ਇਹ ਵੀ ਦੱਸਿਆ ਕਿ ਪੰਜਾਬ ਤੋਂ ਇਲਾਵਾ ਵੱਖ-ਵੱਖ ਸੂਬਿਆਂ ਅੰਦਰ ਵੀ ਦਸਤਖ਼ਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਹਰਿਆਣਾ, ਹਿਮਾਂਚਲ ਪ੍ਰਦੇਸ਼, ਜੰਮੂ ਕਸ਼ਮੀਰ, ਉਤਰ ਪ੍ਰਦੇਸ਼, ਦਿੱਲੀ, ਰਾਜਿਸਥਾਨ, ਉਤਰਾਖੰਡ, ਗੁਜਰਾਤ, ਮੱਧ ਪ੍ਰਦੇਸ਼, ਕਲਕੱਤਾ, ਛੱਤੀਸਗੜ੍ਹ ਆਦਿ ਥਾਵਾਂ ’ਤੇ ਸਿੱਖ ਮਿਸ਼ਨਾਂ ਰਾਹੀਂ ਪ੍ਰੋਫਾਰਮੇ ਭਰਵਾਏ ਜਾ ਰਹੇ ਹਨ। ਇਸ ਦੇ ਨਾਲ ਹੀ ਆਨਲਾਈਨ ਤਰੀਕੇ ਨਾਲ ਵਿਦੇਸ਼ਾਂ ਤੋਂ ਵੀ ਹਜ਼ਾਰਾਂ ਦੀ ਗਿਣਤੀ ’ਚ ਲੋਕ ਦਸਤਖ਼ਤੀ ਮੁਹਿੰਮ ਨਾਲ ਜੁੜੇ ਹਨ। ਉਨ੍ਹਾਂ ਦੱਸਿਆ ਕਿ ਨਾਗਾਲੈਂਡ ਅਤੇ ਤਾਮਿਲਨਾਡੂ ਅੰਦਰ ਵੀ ਸਵੈਇਛਕ ਤੌਰ ’ਤੇ ਕੁਝ ਸਮਾਜਿਕ ਸੰਗਠਨਾਂ ਨੇ ਵੀ ਪ੍ਰੋਫਾਰਮੇ ਭਰਨ ਲਈ ਵੀ ਸਹਿਯੋਗ ਕੀਤਾ ਹੈ।






