ਲੁਧਿਆਣਾ ਦੇ 52 ਸਾਲਾ ਨਰਿੰਦਰ ਪਾਲ ਸਿੰਘ ਕੋਲ 80,000 ਤੋਂ ਵੱਧ ਸਿੱਕੇ, ਹੱਥ ਲਿਖਤ ਖਰੜੇ ਅਤੇ ਪੁਰਾਤਨ ਹਥਿਆਰ ਹਨ। ਇਨ੍ਹਾਂ ਪੁਰਾਤਨ ਸਿੱਕਿਆਂ ਵਿਚ 600 ਬੀਸੀ ਦੇ ਕਈ ਸ਼ਾਸਕਾਂ ਦੇ ਸਿੱਕੇ ਸ਼ਾਮਲ ਹਨ।
ਨਰਿੰਦਰ ਪਾਲ ਸਿੰਘ ਨੇ ਸਾਰੀ ਜ਼ਿੰਦਗੀ ਆਪਣੇ ਸ਼ੌਕ ਨੂੰ ਪੂਰਾ ਕਰਨ ਲਈ ਲਗਾ ਦਿੱਤੀ। ਇੰਨਾ ਹੀ ਨਹੀਂ, ਇਨ੍ਹਾਂ ਪੁਰਾਤਨ ਚੀਜ਼ਾਂ ਨੂੰ ਖਰੀਦਣ ਲਈ ਆਪਣੀਆਂ ਜਾਇਦਾਦਾਂ ਵੀ ਵੇਚ ਦਿੱਤੀਆਂ। ਨਰਿੰਦਰ ਪਾਲ ਸਿੰਘ ਦਾ ਸੁਪਨਾ ਇੱਕ ਆਧੁਨਿਕ ਕਲਾ ਅਜਾਇਬ ਘਰ ਬਣਾਉਣ ਦਾ ਹੈ ਜਿਸ ਵਿੱਚ ਉਹ ਆਪਣੇ ਸੰਗ੍ਰਹਿ ਨੂੰ ਸਹੀ ਢੰਗ ਨਾਲ ਸੰਭਾਲ ਕੇ ਪ੍ਰਦਰਸ਼ਿਤ ਕਰ ਸਕੇ।
ਸਿੰਘ ਕੋਲ ਮੁਗਲ ਕਾਲ ਦੀਆਂ ਤਲਵਾਰਾਂ, ਖੰਜਰਾਂ, ਤੀਰਾਂ ਸਮੇਤ ਹਥਿਆਰਾਂ ਦਾ ਵੀ ਬਹੁਤ ਵੱਡਾ ਖਜ਼ਾਨਾ ਹੈ। ਉਨ੍ਹਾਂ ਕੋਲ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਦੇ ਸਮੇਂ ਵਰਤੇ ਗਏ ਕਮਾਨ ਅਤੇ ਤੀਰ ਵੀ ਹਨ।
14 ਸਾਲ ਦੀ ਉਮਰ ਤੋਂ ਕਲਾਕ੍ਰਿਤੀਆਂ ਨੂੰ ਇਕੱਠੀਆਂ ਕਰ ਰਹੇ ਹਨ
ਮਕੈਨੀਕਲ ਇੰਜੀਨੀਅਰ ਇਸ ਸ਼ਖਸ ਨੇ ਦੁਰਲੱਭ ਕਲਾਕ੍ਰਿਤੀਆਂ ਨੂੰ ਇਕੱਠਾ ਕਰਨ ਵਿੱਚ ਆਪਣਾ 35 ਸਾਲਾਂ ਤੋਂ ਵੱਧ ਸਮਾਂ ਲਗਾਇਆ ਹੈ। ਇਸ ਜਨੂੰਨ ਕਾਰਨ ਅੱਜ ਉਨ੍ਹਾਂ ਕੋਲ ਦੁਰਲੱਭ ਸਿੱਕਿਆਂ, ਹਥਿਆਰਾਂ ਅਤੇ ਸ਼ਸਤਰਾਂ ਦਾ ਚੰਗਾ ਭੰਡਾਰ ਹੈ। ਉਹ ਦੱਸਦੇ ਹਨ ਕਿ ਜਦੋਂ ਮੈਂ 14 ਸਾਲ ਦਾ ਸੀ ਤਾਂ ਮੈਂ ਸਿੱਕੇ ਅਤੇ ਸਟੈਂਪ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਸਨ।
ਮੇਰੇ ਦਾਦਾ ਜੀ ਨੇ ਮੈਨੂੰ ਭਾਰਤ ਵਿਚ ਬ੍ਰਿਟਿਸ਼ ਸ਼ਾਸਨ ਦੇ ਕੁਝ ਸਿੱਕੇ ਦਿੱਤੇ ਸਨ ਪਰ ਹੋਰ ਸਿੱਕੇ ਇਕੱਠੇ ਕਰਨ ਵਿਚ ਮੇਰੀ ਦਿਲਚਸਪੀ ਵਧ ਗਈ ਅਤੇ ਇਹ ਮੇਰਾ ਜਨੂੰਨ ਬਣ ਗਿਆ। ਨਰਿੰਦਰ ਪਾਲ ਸਿੰਘ ਦੇ ਇਸ ਜਨੂੰਨ ਕਾਰਨ ਅੱਜ ਉਨ੍ਹਾਂ ਕੋਲ 600 ਬੀ.ਸੀ. ਸਮੇਤ ਮੱਧਕਾਲੀ, ਮੁਗਲ ਅਤੇ ਬ੍ਰਿਟਿਸ਼ ਕਾਲ ਸਮੇਤ ਵੱਖ-ਵੱਖ ਸ਼ਾਸਕਾਂ ਦੇ 80,000 ਤੋਂ ਵੱਧ ਸਿੱਕਿਆਂ ਦਾ ਦੁਰਲੱਭ ਭੰਡਾਰ ਹੈ।
ਉਹ ਸਿੱਖ ਰਾਜ ਸਮੇਂ ਸਿੱਕੇ ਇਕੱਠੇ ਕਰਨ ਵਿੱਚ ਜ਼ਿਆਦਾ ਦਿਲਚਸਪੀ ਰੱਖਦਾ ਹੈ। ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਿੱਖ ਰਾਜ ਦੌਰਾਨ ਅੰਮ੍ਰਿਤਸਰ, ਲਾਹੌਰ, ਮੁਲਤਾਨ, ਪਿਸ਼ਾਵਰ, ਕਸ਼ਮੀਰ, ਡੇਰਾ ਗਾਜ਼ੀ ਖਾਨ ਅਤੇ ਆਨੰਦਗੜ੍ਹ ਟਕਸਾਲ ਵਿੱਚ ਬਣੇ ਸਿੱਕੇ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿੱਕਿਆਂ ਉਤੇ ‘ਜ਼ਰਬ’ ਦੇ ਨਾਲ ਇਲਾਕੇ ਦਾ ਨਾਂ ਲਿਖਿਆ ਹੋਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਿੱਕਾ ਕਿਸ ਟਕਸਾਲ (ਸਿੱਕਾ ਬਣਾਉਣ ਵਾਲੀ ਫੈਕਟਰੀ) ਵਿਚ ਬਣਿਆ ਸੀ। ‘ਨੈਸ਼ਨਲ ਨਿਊਮਿਜ਼ਮੈਟਿਕ ਸੁਸਾਇਟੀ’ ਦੇ ਜਨਰਲ ਸਕੱਤਰ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਔਨਲਾਈਨ ਨਿਲਾਮੀ ਰਾਹੀਂ ਦੁਰਲੱਭ ਸਿੱਕੇ ਖਰੀਦੇ ਅਤੇ ਕਈ ਵਾਰ ਸੁਨਿਆਰਿਆਂ ਅਤੇ ਸਕਰੈਪ ਡੀਲਰਾਂ ਨੂੰ ਸਿੱਕਿਆਂ ਦੀ ਦੁੱਗਣੀ ਤੋਂ ਤਿੰਨ ਗੁਣਾ ਕੀਮਤ ਅਦਾ ਕੀਤੀ।






