ਸ਼ਾਮ ਸਿੰਘ ਘੁੰਮਣ, ਦੀਨਾਨਗਰ : ਪੁਲਿਸ ਥਾਣਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਪਨਿਆੜ ਵਿਖੇ ਬੀਤੀ ਰਾਤ ਇਕ ਵਿਅਕਤੀ ਵੱਲੋਂ ਅਪਣੀ ਪਤਨੀ ਦਾ ਕਤਲ ਕਰਨ ਮਗਰੋਂ ਘਰ ਵਿੱਚ ਹੀ ਉਸਦੀ ਲਾਸ਼ ਦਾ ਸਸਕਾਰ ਕਰਨ ਦੀ ਕੋਸ਼ਿਸ਼ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਔਰਤ ਦੇ ਪਹਿਚਾਣ ਮਹਿੰਦਰੋ ਉਰਫ ਗੁੱਡੀ (62) ਪਤਨੀ ਸੰਸਾਰ ਚੰਦ ਵਾਸੀ ਪਨਿਆੜ ਵਜੋਂ ਹੇਈ ਹੈ। ਬੀਤੀ ਰਾਤ ਨੌਂ ਵਜੇ ਦੇ ਕਰੀਬ ਵਾਪਰੀ ਘਟਨਾ ਦਾ ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਾਰਵਾਈ ਕਰਦਿਆਂ ਬਲਦੇ ਸਿਵੇ ਨੂੰ ਬੁਝਾ ਕੇ ਅੱਧ ਸੜੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਅਨੁਸਾਰ, ਕਥਿਤ ਦੋਸ਼ੀ ਸੰਸਾਰ ਚੰਦ ਦਾ ਅਪਣੀ ਪਤਨੀ ਮਹਿੰਦਰੋ ਨਾਲ ਅਕਸਰ ਹੀ ਝਗੜਾ ਰਹਿੰਦਾ ਸੀ ਅਤੇ ਬੀਤੀ ਸ਼ਾਮ ਵੀ ਦੋਵਾਂ ਜੀਆਂ ਦਾ ਆਪਸ ਵਿੱਚ ਝਗੜਾ ਹੋਇਆ ਅਤੇ ਰਾਤ ਨੌਂ ਵਜੇ ਦੇ ਕਰੀਬ ਸੰਸਾਰ ਚੰਦ ਵੱਲੋਂ ਅਪਣੀ ਪਤਨੀ ਮਹਿੰਦਰੋ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਅਤੇ ਬਾਅਦ ਵਿੱਚ ਘਰ ਅੰਦਰ ਪਈਆਂ ਲੱਕੜਾਂ ਇਕੱਠੀਆਂ ਕਰਕੇ ਘਰ ਦੇ ਵਿਹੜੇ ਵਿੱਚ ਹੀ ਚਿਖਾ ਬਣਾ ਕੇ ਮ੍ਰਿਤਕ ਮਹਿੰਦਰੋ ਦੇਵੀ ਦੀ ਲਾਸ਼ ਨੂੰ ਫੂਕਣ ਦਾ ਯਤਨ ਸ਼ੁਰੂ ਕਰ ਦਿੱਤਾ। ਪਰ ਇਸੇ ਦੌਰਾਨ ਹੀ ਘਰ ‘ਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਵੇਖ ਜਦੋਂ ਲੋਕਾਂ ਨੂੰ ਘਟਨਾ ਬਾਰੇ ਪਤਾ ਲੱਗਾ ਤਾਂ ਲੋਕਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ।






