ਗੈਂਗਸਟਰਾਂ ਅਤੇ ਅੱਤਵਾਦੀਆਂ ਵਿਰੁੱਧ ਵਿੱਢੀ ਗਈ ਖ਼ਾਸ ਮੁਹਿੰਮ ਦੌਰਾਨ ਪੰਜਾਬ ਪੁਲਿਸ ਨੇ ਬਹੁਤ ਸਾਰੇ ਸਮਾਜ-ਵਿਰੋਧੀ ਅਨਸਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਤੋਂ ਭਾਰੀ ਮਾਤਰਾ ’ਚ ਅਸਲਾ ਤੇ ਵਾਹਨ ਵੀ ਬਰਾਮਦ ਹੋਏ ਹਨ। ਉਨ੍ਹਾਂ ਦੀ ਫੜੋ-ਫੜੀ ਲਈ ਮਹਾਰਾਸ਼ਟਰ, ਦਿੱਲੀ, ਹਰਿਆਣਾ ਤੇ ਰਾਜਸਥਾਨ ਜਿਹੇ ਰਾਜਾਂ ਤੋਂ ਲੈ ਕੇ ਨੇਪਾਲ ਦੇ ਬਾਰਡਰ ਤੱਕ ਪੰਜਾਬ ਪੁਲਿਸ ਨੇ ਆਪਣੀ ਕਾਰਵਾਈ ਚਲਾਈ ਹੈ। ਸਰਕਾਰੀ ਰਿਕਾਰਡ ਅਨੁਸਾਰ ਹੁਣ ਤੱਕ 503 ਖ਼ਤਰਨਾਕ ਗੈਂਗਸਟਰ, 481 ਹਥਿਆਰ ਤੇ 106 ਵਾਹਨ ਕਾਬੂ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ ਹੀ ਪਿਛਲੇ 10 ਮਹੀਨਿਆਂ ਦੌਰਾਨ 160 ਦਹਿਸ਼ਤਗਰਦਾਂ ਨੂੰ ਗ੍ਰਿਫ਼ਤਾਰ ਕਰ ਕੇ 25 ਦਹਿਸ਼ਤਗਰਦ ਮਾਡਿਯੂਲਜ਼ ਦਾ ਖ਼ਾਤਮਾ ਕੀਤਾ ਗਿਆ ਹੈ। ਇਹ ਦਹਿਸ਼ਤਗਰਦ ਵਿਦੇਸ਼ਾਂ ਤੋਂ ਆਪਣਾ ਨੈੱਟਵਰਕ ਚਲਾਉਂਦੇ ਰਹੇ ਹਨ।
ਪੰਜਾਬ ਪੁਲਿਸ ਨੇ ਦਹਿਸ਼ਤਗਰਦ ਅਨਸਰਾਂ ਤੋਂ 263 ਰਾਈਫ਼ਲਾਂ, ਪਿਸਤੌਲਾਂ, ਰਿਵਾਲਵਰ, 13 ਦੇਸੀ ਬੰਬ, 7 ਡੈਟੋਨੇਟਰਜ਼, 37 ਹਥਗੋਲ਼ੇ, ਡਿਸਪੋਜ਼ਡ ਰਾਕੇਟ ਲਾਂਚ ਦੀਆਂ ਦੋ ਸਲੀਵਜ਼, 1 ਲੋਡੇਡ ਰਾਕੇਟ ਪ੍ਰੋਪੈੱਲਡ ਗ੍ਰੇਨੇਡ, 24 ਡ੍ਰੋਨ, ਇੱਕ ਟਾਈਮਰ ਸੈੱਟ, ਤਿੰਨ ਟਾਈਮਰ ਸਵਿੱਚ ਤੇ 25 ਵਾਹਨ ਬਰਾਮਦ ਕੀਤੇ ਗਏ ਹਨ। ਪਿਛਲੇ ਵਰ੍ਹੇ 2022 ਦੌਰਾਨ 24.46 ਕਿਲੋਗ੍ਰਾਮ ਵਿਸਫੋਟਕ ਪਦਾਰਥ ਆਰਡੀਐਕਸ ਵੀ ਫੜਿਆ ਗਿਆ ਹੈ। ਇਨ੍ਹਾਂ ਅੰਕੜਿਆਂ ਅਨੁਸਾਰ ਪੰਜਾਬ ’ਚ ਆਰਡੀਐਕਸ ਦੀ ਬਰਾਮਦਗੀ ਵਿੱਚ ਚੋਖਾ ਵਾਧਾ ਹੋਇਆ ਹੈ ਕਿਉਂਕਿ ਸਾਲ 2021 ਦੌਰਾਨ ਸੂਬੇ ’ਚ ਇਸ ਖ਼ਤਰਨਾਕ ਧਮਾਕਾਖ਼ੇਜ਼ ਸਮੱਗਰੀ ਦੀ ਸਿਰਫ਼ 3 ਕਿਲੋਗ੍ਰਾਮ ਮਾਤਰਾ ਹੀ ਬਰਾਮਦ ਹੋਈ ਸੀ।
ਪੰਜਾਬ ’ਚ ਹੋਰ ਨਸ਼ਿਆਂ ਤੋਂ ਇਲਾਵਾ ਹੈਰੋਇਨ ਦੀ ਬਰਾਮਦਗੀ ’ਚ ਵੀ ਵਾਧਾ ਦਰਜ ਹੋਇਆ ਹੈ। ਸਾਲ 2021 ’ਚ 647 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ, ਜਦਕਿ 2020 ਦੌਰਾਨ ਇਹ ਮਾਤਰਾ 568 ਕਿਲੋਗ੍ਰਾਮ ਸੀ।
ਕਤਲਾਂ ਤੇ ਅਗ਼ਵਾ ਦੇ ਮਾਮਲਿਆਂ ਦੀ ਗਿਣਤੀ ਘਟੀ
ਪੰਜਾਬ ’ਚ ਕਤਲਾਂ ਦੀ ਗਿਣਤੀ ਵਿੱਚ 7 ਫ਼ੀਸਦੀ ਕਮੀ ਦਰਜ ਹੋਈ ਹੈ। ਸਾਲ 2022 ਦੌਰਾਨ ਪੰਜਾਬ ’ਚ 669 ਕਤਲ ਹੋਏ, ਜਦਕਿ 2021 ਦੌਰਾਨ ਇਹ ਗਿਣਤੀ 723 ਸੀ। ਅਗ਼ਵਾ ਦੇ ਮਾਮਲਿਆਂ ਵਿੱਚ ਵੀ 7 ਫ਼ੀਸਦੀ ਕਮੀ ਦਰਜ ਹੋਈ ਹੈ, ਜੋ ਘਟ ਕੇ 1,654 ਰਹਿ ਗਈ ਹੈ। ਸਾਲ 2021 ਦੌਰਾਨ ਇਹ ਗਿਣਤੀ 1,783 ਸੀ। ਪੰਜਾਬ ’ਚ ਹਿੰਸਕ ਅਪਰਾਧਾਂ ਦੀ ਦਰ 20.8 ਫ਼ੀ ਸਦੀ ਰਹੀ ਹੈ। ਇਹ ਦਰ ਹੋਰਨਾਂ ਕਈ ਰਾਜਾਂ ਦੇ ਮੁਕਾਬਲੇ ਘੱਟ ਹੈ; ਜਿਵੇਂ ਹਿਮਾਚਲ ਪ੍ਰਦੇਸ਼ ’ਚ ਇਹ ਦਰ 23.8 ਫ਼ੀਸਦੀ, ਰਾਜਸਥਾਨ ’ਚ 29, ਹਰਿਆਣਾ ’ਚ 43.3 ਫ਼ੀ ਸਦੀ ਅਤੇ ਚੰਡੀਗੜ੍ਹ ’ਚ 29.9 ਫ਼ੀਸਦੀ ਰਹੀ ਹੈ।






