ਸਥਾਨਕ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਸੀਮਾ ਰਾਣੀ ਦੇ ਪਤੀ ਪ੍ਰਿਤਪਾਲ ਕੁਮਾਰ ਨੇ ਬਠਿੰਡਾ ਦਿਹਾਤੀ ਵਿਧਾਨ ਸਭਾ ਹਲਕੇ ਤੋਂ ‘ਆਪ’ ਵਿਧਾਇਕ ਅਮਿਤ ਰਤਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਜਿੱਥੇ ਪਿਛਲੇ ਦਿਨੀਂ ਉਸ ਨੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਆਡੀਓ ਵਾਇਰਲ ਕੀਤੀ ਸੀ। ਇਸ ਦੇ ਨਾਲ ਹੀ ਵਿਜੀਲੈਂਸ ਵਿਭਾਗ ਦੇ ਅਧਿਕਾਰੀ ਹਾਲੇ ਕੁਝ ਕਹਿਣ ਨੂੰ ਤਿਆਰ ਨਹੀਂ ਹਨ, ਹਰ ਕੋਈ ਇਹ ਕਹਿ ਕੇ ਟਾਲ਼ਾ ਵੱਟ ਰਿਹਾ ਹੈ ਕਿ ਜਾਂਚ ਚੱਲ ਰਹੀ ਹੈ। ਹਾਲਾਂਕਿ ਵਿਰੋਧੀ ਪਾਰਟੀਆਂ ਨੇ ਸਰਕਾਰ ’ਤੇ ਵਿਧਾਇਕ ਨੂੰ ਬਚਾਉਣ ਦੇ ਦੋਸ਼ ਲਗਾਏ ਹਨ। ਦੂਜੇ ਪਾਸੇ ਐਸਐਸਪੀ ਵਿਜੀਲੈਂਸ ਹਰਪਾਲ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਵਾਇਰਲ ਆਡੀਓ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਸਰਪੰਚ ਦੇ ਪਤੀ ਵੱਲੋਂ ਪਿ੍ਰਤਪਾਲ ਕਾਕਾ ਜਾਰੀ ਕੀਤੀ ਗਈ ਆਡੀਓ ਵਿਚ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ, ਉਨ੍ਹਾਂ ਦੇ ਨਿੱਜੀ ਪੀਏ ਰਿਸ਼ਮ ਗਰਗ ਤੇ ਸ਼ਿਕਾਇਤ ਕਰਤਾ ਵਿਚਕਾਰ ਲੈਣ-ਦੇਣ ਦੀ ਗੱਲਬਾਤ ਚੱਲ ਰਹੀ ਹੈ। ਤਿੰਨ ਦਿਨ ਪਹਿਲਾਂ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਵਿਧਾਇਕ ਦੇ ਨਿੱਜੀ ਪੀਏ ਰਿਸ਼ਮ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਸੀ। ਪ੍ਰਿਤਪਾਲ ਨੇ ਕਿਹਾ ਸੀ ਕਿ ਵਿਧਾਇਕ ਨੇ 25 ਲੱਖ ਰੁਪਏ ਦੀ ਗ੍ਰਾਂਟ ਦੇਣ ਦੇ ਬਦਲੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ, ਜਿਸ ਦੀ ਰਿਕਾਰਡਿੰਗ ਉਸ ਕੋਲ ਹੈ। ਆਡੀਓ ਵਿਚ ਨੰਬਰਦਾਰ ਦੀ ਨਿਯੁਕਤੀ ਸਬੰਧੀ ਵੀ ਬਕਾਇਆ ਰਕਮ ਦੀ ਚਰਚਾ ਕੀਤੀ ਜਾ ਰਹੀ ਹੈ।
ਇਸ ਆਡੀਓ ਵਿਚ ਪ੍ਰਿਤਪਾਲ, ਵਿਧਾਇਕ ਨਾਲ ਮੰਤਰੀ ਨੂੰ ਮਿਲਣ ਦੀ ਗੱਲ ਕਰ ਰਿਹਾ ਹੈ। ਜਿਸ ਵਿਚ ਵਿਧਾਇਕ ਕਹਿੰਦੇ ਸੁਣੇ ਜਾਂਦੇ ਹਨ ਕਿ ਉਹ 14-15 ਫਰਵਰੀ ਨੂੰ ਚੰਡੀਗੜ੍ਹ ਵਿਚ ਹਨ ਅਤੇ ਆਪਣੇ ਮੰਤਰੀ ਨੂੰ ਮਿਲਣਗੇ। ਸਰਪੰਚ ਦਾ ਪਤੀ ਕਹਿ ਰਿਹਾ ਹੈ ਕਿ ਉਹ ਉਸੇ ਦਿਨ ਸਾਮਾਨ ਲੈ ਕੇ ਆਵੇਗਾ। ਵਿਧਾਇਕ ਉਸ ਨੂੰ ਚੰਡੀਗੜ੍ਹ ਆਉਣ ਤੋਂ ਪਹਿਲਾਂ ਇਕ ਵਾਰ ਯਾਦ ਕਰਾਉਣ ਅਤੇ ਆਪਣੇ ਪੀਏ ਰਣਵੀਰ ਨੂੰ ਫ਼ੋਨ ’ਤੇ ਦੱਸਣ ਲਈ ਕਹਿ ਰਹੇ ਹਨ। ਸਰਪੰਚ ਦਾ ਪਤੀ ਕਹਿ ਰਿਹਾ ਹੈ ਕਿ ਰਣਵੀਰ ਉਨ੍ਹਾਂ ਦੀ ਕਾਲ ਨਹੀਂ ਚੁੱਕਦਾ। ਇਸ ਤੋਂ ਬਾਅਦ ਵਿਧਾਇਕ ਰਤਨ ਨੇ ਉਨ੍ਹਾਂ ਨੂੰ ਨਿੱਜੀ ਫੋਨ ਨੰਬਰ ਦਿੱਤਾ ਤੇ ਚੰਡੀਗੜ੍ਹ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਵਟਸਐਪ ’ਤੇ ਪੁੱਛਣ ਲਈ ਕਹਿੰਦੇ ਹਨ।
ਓਧਰ, ਵਿਧਾਇਕ ਅਮਿਤ ਰਤਨ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਨਾਮਜ਼ਦ ਕਰਵਾਉਣ ਲਈ ਪੰਚਾਇਤ ਯੂਨੀਅਨ ਨੇ ਧਰਨਾ ਦੇਣ ਦੀ ਤਿਆਰੀ ਕੀਤੀ ਹੈ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਅਤੇ ਬਠਿੰਡਾ ਦਿਹਾਤੀ ਤੋਂ ਵਿਧਾਨ ਸਭਾ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਵੀ ਵਿਧਾਇਕ ਵਿਰੁੱਧ ਕਾਰਵਾਈ ਨਾ ਹੋਣ ਦਾ ਵਿਰੋਧ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਪੰਚਾਇਤ ਯੂਨੀਅਨ ਨੇ ਸਰਪੰਚ ਦੇ ਪਤੀ ਪਿ੍ਰਤਪਾਲ ਕਾਕਾ ਨਾਲ ਸੰਪਰਕ ਕੀਤਾ ਹੈ। ਇਸ ਤੋਂ ਬਾਅਦ ਸਰਪੰਚਾਂ ਨੇ ਪੰਜਾਬ ਸਰਕਾਰ ਵਿਰੁੱਧ ਧਰਨੇ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੇ ਪੰਜਾਬ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ ਬੁੱਧਵਾਰ ਨੂੰ ਜ਼ਿਲ੍ਹੇ ਦੇ ਕਈ ਸਰਪੰਚ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ ਕਰਨਗੇ। ਇਵੇਂ ਹੀ ਪਿੰਡ ਵਾਸੀ ਗੁਰਮੇਲ ਸਿੰਘ ਨੇ ਕਿਹਾ ਕਿ ਜੇ ਮੰਗਲਵਾਰ ਤਕ ਵਿਧਾਇਕ ਵਿਰੁੱਧ ਕਾਰਵਾਈ ਨਾ ਕੀਤੀ ਗਈ ਤਾਂ ਬੁੱਧਵਾਰ ਨੂੰ ਪੰਜਾਬ ਸਰਕਾਰ ਖਿਲਾਫ ਰੋਸ ਮੁਜ਼ਾਹਰਾ ਕਰਾਂਗੇ।






